Fazilka and Kharar : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਜਿਲ੍ਹਾ ਫਾਜਿਲਕਾ ਤੋਂ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਨ੍ਹਾਂ ਵਿਚ 53 ਸਾਲਾ ਔਰਤ ਅਤੇ 24 ਤੇ 31 ਸਾਲਾ ਪੁਰਸ਼ ਸ਼ਾਮਲ ਹਨ। ਇਹ ਫਾਜਿਲਕਾ ਜਿਲ੍ਹੇ ਦੇ ਬੀਕਾਨੇਰ ਰੋਡ ‘ਤੇ ਰਹਿੰਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅੱਜ ਪਾਏ ਗਏ ਪਾਜੀਟਿਵ ਵਿਅਕਤੀਆਂ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਥੇ ਇਨ੍ਹਾਂ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਅੱਜ ਖਰੜ ਵਿਖੇ 22 ਸਾਲਾ ਨੌਜਵਾਨ ਕੋਰੋਨਾ ਪਾਜੀਟਿਵ ਪਾਇਆ ਗਿਆ। ਉਕਤ ਨੌਜਵਾਨ ਲਾਂਡਰਾ ਰੋਡ ਪ੍ਰਾਈਮ ਸਿਟੀ ਅਪਾਰਟਮੈਂਟ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਰਿਪੋਰਟ ਪਾਜੀਟਿਵ ਆਉਣ ‘ਤੇ ਉਸ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਸ਼ਿਫਟ ਕੀਤਾ ਗਿਆ ਹੈ ਜਿਥੇ ਉਸ ਦਾ ਇਲਾਜ ਸ਼ੁਰੂ ਹੋ ਗਿਆ ਹੈ। ਸਬੰਧਕ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਚੁੱਕੇ ਹਨ।
ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਸਵੇਰ ਤੋਂ ਹੁਣ ਤਕ ਪੂਰੇ ਸੂਬੇ ਵਿਚ ਲਗਭਗ 6 ਮੌਤਾਂ ਹੋ ਚੁੱਕੀਆਂ ਹਨ, ਜੋ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਵਿਚੋਂ ਤਿੰਨ ਮੌਤਾਂ ਅੰਮ੍ਰਿਤਸਰ ਵਿਖੇ, ਜਲੰਧਰ, ਸੰਗਰੂਰ ਤੇ ਤਰਨਤਾਰਨ ਵਿਖੇ ਇਕ-ਇਕ ਮੌਤ ਹੋਈ ਹੈ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਨਾਲ ਆਪਣੀ ਜਾਨ ਗੁਆਉਣ ਵਾਲੇ ਵਿਅਕਤੀਆਂ ਦਾ ਅੰਕੜਾ 81 ਤਕ ਹੋ ਗਿਆ ਹੈ।