Covid-19 were found : ਮੋਹਾਲੀ ਵਿਚ ਕੋਰੋਨਾ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਮਿਲੀਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਡੇਰਾਬੱਸੀ ਨਾਲ ਸਬੰਧਤ ਹਨ ਜਿਸ ਵਿਚ ਇਕ 35 ਸਾਲਾ ਔਰਤ ਅਤੇ 18 ਸਾਲਾ ਉਸ ਦਾ ਹੀ ਬੇਟਾ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਮਾਂ-ਪੁੱਤ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਵਾਪਸ ਆਉਣ ਵਾਲੇ ਲੋਕਾਂ ਦੇ ਸੰਪਰਕ ਵਿਚ ਸਨ। ਇੰਫੈਕਟਿਡ ਪਾਏ ਜਾਣ ਤੋਂ ਬਾਅਦ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਦੋਵਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਮੋਹਾਲੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 186 ਹੋ ਗਈ ਹੈ। ਇਨ੍ਹਾਂ ਵਿਚੋਂ 127 ਮਰੀਜ਼ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ ਤੇ 56 ਐਕਟਿਵ ਮਾਮਲੇ ਇਸ ਸਮੇਂ ਜਿਲ੍ਹੇ ਵਿਚ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਹੁਣ ਤਕ 198211 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਇਸ ਤਰ੍ਹਾਂ ਸੂਬੇ ਦੇ ਵੱਖ- ਵੱਖ ਹਸਪਤਾਲਾਂ ਵਿਚ 838 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ ਵਿਚ ਮੰਗਲਵਾਰ ਨੂੰ 18 ਮਰੀਜ਼ ਠੀਕ ਵੀ ਹੋਏ। ਇਨ੍ਹਾਂ ਵਿਚੋਂ ਮੋਹਾਲੀ ਦੇ 10, ਪਠਾਨਕੋਟ ਤੇ ਨਵਾਂਸ਼ਹਿਰ ਦੇ 3-3, ਪਟਿਆਲਾ ਤੇ ਫਾਜ਼ਿਲਕਾ ਦਾ 1-1 ਮਰੀਜ਼ ਸ਼ਾਮਲ ਹੈ। ਇਸ ਨਾਲ ਸੂਬੇ ਵਿਚ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 2461 ਤਕ ਪੁੱਜ ਗਈ ਹੈ।
ਅੰਮ੍ਰਿਤਸਰ ਵਿਚ ਕੋਰੋਨਾ ਦੇ ਹਾਲਾਤ ਬੇਕਾਬੂ ਹੋਣ ਲੱਗੇ ਹਨ। ਕਲ ਅੰਮ੍ਰਿਤਸਰ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਈਆਂ ਤੇ ਅੱਜ ਵੀ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਦੀ ਖਬਰ ਮਿਲੀ ਹੈ। ਅੰਮ੍ਰਿਤਸਰ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤਕ 24 ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3371 ਤਕ ਪੁੱਜ ਗਈ ਹੈ।