Rahul Gandhi says PM Modi: ਲੱਦਾਖ ਵਿੱਚ LAC ਨੂੰ ਲੈ ਕੇ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ 20 ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਖ ‘ਤੇ ਸਵਾਲ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਨਾ ਤਾਂ ਸਾਡੀ ਸਰਹੱਦ ਵਿੱਚ ਕੋਈ ਦਾਖਲ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਚੌਕੀ ਕਿਸੇ ਦੇ ਕਬਜ਼ੇ ਵਿੱਚ ਹੈ ।
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਦੇ ਸਾਹਮਣੇ ਭਾਰਤੀ ਖੇਤਰ ਨੂੰ ਸਮਰਪਣ ਕਰ ਦਿੱਤਾ ਹੈ । ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਉਹ ਧਰਤੀ ਚੀਨ ਦੀ ਹੈ ਜਿੱਥੇ ਭਾਰਤੀ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਤਾਂ ਫਿਰ ਸਾਡੇ ਜਵਾਨਾਂ ਨੂੰ ਕਿਉਂ ਮਾਰਿਆ ਗਿਆ? ਉਨ੍ਹਾਂ ਨੂੰ ਕਿੱਥੇ ਮਾਰਿਆ ਗਿਆ ?
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਕਿਹਾ ਕਿ ਨਾ ਤਾਂ ਕੋਈ ਸਾਡੀ ਸਰਹੱਦ ਵਿੱਚ ਦਾਖਲ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਚੌਕੀ ਕਿਸੇ ਦੇ ਕਬਜ਼ੇ ਵਿੱਚ ਹੈ। ਲੱਦਾਖ ਵਿੱਚ ਸਾਡੇ 20 ਬਹਾਦਰ ਫੌਜੀ ਸ਼ਹੀਦ ਹੋਏ, ਪਰ ਜਿਨ੍ਹਾਂ ਨੇ ਭਾਰਤ ਮਾਤਾ ਪ੍ਰਤੀ ਆਪਣੀ ਅੱਖ ਚੁੱਕ ਕੇ ਦੇਖਿਆ ਸੀ, ਉਨ੍ਹਾਂ ਨੂੰ ਉਹ ਸਬਕ ਸਿਖਾ ਕੇ ਗਏ। ਪ੍ਰਧਾਨ ਮੰਤਰੀ ਮੋਦੀ ਦੇ ਇਸ ਬਿਆਨ ‘ਤੇ ਰਾਹੁਲ ਗਾਂਧੀ ਨੇ ਸਵਾਲ ਕੀਤਾ ਹੈ। ਦੱਸ ਦੇਈਏ ਕਿ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀ ਫੌਜ ਵਿੱਚ ਤਾਜ਼ਾ ਹਿੰਸਕ ਟਕਰਾਅ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਾਮ ਨੂੰ ਚੀਨ ਦੇ ਮੁੱਦੇ ‘ਤੇ ਸਰਬ ਪਾਰਟੀ ਬੈਠਕ ਕੀਤੀ ।