Rath Yatra 2020: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਵੱਡੇ ਪ੍ਰੋਗਰਾਮਾਂ ‘ਤੇ ਪਾਬੰਦੀ ਹੈ, ਪਰ ਸੋਮਵਾਰ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਇਤਿਹਾਸਕ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ। ਉੜੀਸਾ ਦੇ ਪੁਰੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਿਕਲ ਰਹੀ ਯਾਤਰਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਧਾਈ ਦਿੱਤੀ ਹੈ ।
ਇਸ ਸਬੰਧੀ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ, ‘ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁਭ ਅਵਸਰ ‘ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਵਧਾਈਆਂ। ਮੇਰੀ ਇੱਛਾ ਹੈ ਕਿ ਸ਼ਰਧਾ ਅਤੇ ਭਗਤੀ ਨਾਲ ਭਰੀ ਇਹ ਯਾਤਰਾ ਦੇਸ਼ਵਾਸੀਆਂ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਚੰਗੀ ਕਿਸਮਤ ਅਤੇ ਸਿਹਤ ਲੈ ਕੇ ਆਵੇ। ਜੈ ਜਗਨਾਥ !’
ਪ੍ਰਧਾਨਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਗਵਾਨ ਜਗਨਨਾਥ ਨੂੰ ਚਾਹੁਣ ਵਾਲੇ ਲੋਕਾਂ ਨੂੰ ਵਧਾਈਆਂ ਦਿੱਤੀਆਂ । ਅਮਿਤ ਸ਼ਾਹ ਨੇ ਇੱਕ ਟਵੀਟ ਵਿੱਚ ਲਿਖਿਆ, ‘ਰੱਥ ਯਾਤਰਾ ਦੇ ਮੌਕੇ ‘ਤੇ ਮੈਂ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਾ ਹਾਂ । ਭਗਵਾਨ ਜਗਨਨਾਥ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ, ਜੈ ਜਗਨਾਥ। ‘
ਉੱਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਟਵੀਟ ਕਰਕੇ ਲਿਖਿਆ, ‘ਰੱਥ ਯਾਤਰਾ ਦੇ ਸ਼ੁੱਭ ਅਵਸਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਓਡੀਸ਼ਾ ਵਿੱਚ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੂੰ ਵਧਾਈ । ਮੈਂ ਭਗਵਾਨ ਜਗਨਨਾਥ ਦੀ ਕਿਰਪਾ ਦੀ ਕਾਮਨਾ ਕਰਦਾ ਹਾਂ ਕਿ ਉਹ ਸਾਨੂੰ ਕੋਵਿਦ -19 ਦਾ ਸਾਹਮਣਾ ਕਰਨ ਲਈ ਸ਼ਕਤੀ ਪ੍ਰਦਾਨ ਕਰਨ ਅਤੇ ਸਾਡੀ ਜ਼ਿੰਦਗੀ ਵਿਚ ਸਿਹਤ ਅਤੇ ਖੁਸ਼ਹਾਲੀ ਲਿਆਉਣ।’
ਦੱਸ ਦੇਈਏ ਕਿ ਕੋਰੋਨਾ ਸੰਕਟ ਸਮੇਂ ਇਸ ਸਾਲ ਹੋਣ ਵਾਲੀ ਰੱਥ ਯਾਤਰਾ ‘ਤੇ ਸੰਕਟ ਦੇ ਬੱਦਲ ਛਾਏ ਹੋਏ ਸਨ, ਪਰ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਵਿਸ਼ੇਸ਼ ਸੁਣਵਾਈ ਦੌਰਾਨ ਅਦਾਲਤ ਨੇ ਇਸਦੀ ਸ਼ਰਤ ਨਾਲ ਆਗਿਆ ਦੇ ਦਿੱਤੀ । ਇਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਰੱਥ ਯਾਤਰਾ ਨਿਯਮਾਂ ਦੀ ਪਾਲਣਾ ਕਰਦਿਆਂ ਅਤੇ ਘੱਟ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਕੱਢੀ ਜਾ ਰਹੀ ਹੈ।