AAP to announce : ਆਮ ਆਦਮੀ ਪਾਰਟੀ ਇਸ ਵਾਰ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨੇ ਜਾਣ ਦੀ ਗ਼ਲਤੀ ਨਹੀਂ ਕਰੇਗੀ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚੇਹਰਾ ਜ਼ਰੂਰ ਐਲਾਨ ਦਿਤਾ ਜਾਵੇਗਾ। ਇਹ ਗੱਲ ‘ਆਪ’ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਨੇਤਾ ਜਰਨੈਲ ਸਿੰਘ ਨੇ ਅੱਜ ਇਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬੁਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਸਰਬਜੀਤ ਕੌਰ ਮਾਣੂਕੇ, ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਆਦਿ ਵੀ ਮੌਜੂਦ ਸਨ।
ਜਰਨੈਲ ਸਿੰਘ ਨੇ ਇਕ ਸਵਾਲ ਦੇ ਜੁਆਬ ਵਿਚ ਕਿਹਾ ਕਿ ‘ਆਪ’ ਵਿਚ ਸ਼ਾਮਲ ਹੋਣ ਵਾਲੇ ਹੋਰ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਜੋ ਵੀ ਪੰਜਾਬ ਦੇ ਹਿੱਤਾਂ ਲਈ ‘ਆਪ’ ਵਿਚ ਬਿਨਾ ਸ਼ਰਤ ਸ਼ਾਮਲ ਹੋਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੋਵੇਗਾ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਸਪੱਸ਼ਟ ਜੁਆਬ ਨਹੀਂ ਦਿਤਾ ਅਤੇ ਕਿਹਾ ਕਿ ਅਜੇ ਉਹ ਕਾਂਗਰਸ ਵਿਚ ਹਨ ਅਤੇ ਉਨ੍ਹਾਂ ਨਾਲ ਪਾਰਟੀ ਦੀ ਕੋਈ ਸਿੱਧੀ ਗੱਲਬਾਤ ਵੀ ਨਹੀਂ ਹੋ ਰਹੀ ਪਰ ਉਹ ਬਿਨਾ ਸ਼ਰਤ ਆਉਣ ਤਾਂ ਸਵਾਗਤ ਹੈ। ਮੁੱਖ ਮੰਤਰੀ ਦੇ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਇਸ ਬਾਰੇ ਫ਼ੈਸਲਾ ਕੀਤਾ ਜਾਵੇਗਾ ਕਿਉਂਕਿ ਹਾਲੇ ਸਮਾਂ ਰਹਿੰਦਾ ਹੈ। ਇਸ ਸਮੇਂ ਤਾਂ ਪਾਰਟੀ ਨੂੰ ਮਜ਼ਬੂਤ ਕਰ ਕੇ ਕਾਂਗਰਸ ਅਤੇ ਅਕਾਲੀ ਭਾਜਪਾ ਮੁਕਾਬਲੇ ਤੀਜ਼ਾ ਵਿਕਲਪ ਤਿਆਰ ਕਰਨਾ ਮੁੱਖ ਕੰਮ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਦੇ ਸਾਰੇ ਆਗੂ ਅਤੇ ਵਿਧਾਇਕ ਲੋਕਾਂ ਦੇ ਮੁੱਦੇ ਮਜ਼ਬੂਤੀ ਨਾਲ ਉਠਾ ਰਹੇ ਹਨ ਅਤੇ ਭਵਿੱਖ ਵਿਚ ਸਰਗਰਮੀ ਹੋਰ ਵੀ ਵਧਾਈ ਜਾਵੇਗੀ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਵਿਚ ਵੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸ ਖਿਲਾਫ ਅੰਦੋਲਨ ਵਿੱਢਿਆ ਜਾਵੇਗਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਪਰ ਇਸ ਵਾਰ ਉਨ੍ਹਾਂਦੀ ਪਾਰਟੀ ਇਹ ਗਲਤੀ ਨਹੀਂ ਕਰੇਗੀ ਤੇ ਜਲਦ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ।