Plasma Therapy successfully : ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਮਿਸ਼ਨ ਫਤਿਹ ਤਹਿਤ ਕੋਵਿਡ-19 ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਦੋ ਕੋਵਿਡ ਪਾਜੀਟਿਵ ਮਰੀਜ਼ਾਂ ਨੂੰ ਸਫਲਤਾਪੂਰਵਕ ਪਲਾਜ਼ਮਾ ਥੈਰੇਪੀ ਕੀਤੀ ਗਈ ਹੈ। ਸ਼੍ਰੀ ਓ.ਪੀ. ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਇਕ ਚਿੱਠੀ ਲਿਖ ਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ Plasma Therapy ਰਾਹੀਂ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਕਰਨ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਕਾਰਨ ਜੀਐਮਸੀ, ਅੰਮ੍ਰਿਤਸਰ ਵਿਖੇ 2 ਮਰੀਜ਼ਾਂ ਨੂੰ ਰਾਤ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਇਹ ਮਰੀਜ਼ ਗੁਰੂ ਨਾਨਕ ਦੇਵ ਹਸਤਪਾਲ ਅਤੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਦਾਖਲ ਸਨ, ਜਿਨ੍ਹਾਂ ਵਿੱਚੋਂ ਇਕ ਪਠਾਨਕੋਟ ਨਾਲ ਸਬੰਧਤ ਹੈ ਜਦਕਿ ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਸ਼੍ਰੀ ਓ. ਪੀ. ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਨਾਲ ਸਬੰਧਤ ਕੋਵਿਡ-19 ਤੋਂ ਠੀਕ ਵਿਅਕਤੀ ਵੱਲੋਂ ਕੱਲ ਦਾਨ ਕੀਤਾ ਗਿਆ ਪਲਾਜ਼ਮਾਂ ਇਨ੍ਹਾਂ ਮਰੀਜ਼ਾਂ ਨੂੰ ਚੜ੍ਹਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੁਬਈ ਤੋਂ ਵਾਪਸ ਆਇਆ ਸੀ ਤੇ ਰਿਪੋਰਟ ਪਾਜੀਟਿਵ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਰਾਤ 3:35 ਵਜੇ ਸ਼ੁਰੂ ਕੀਤੀ ਗਈ ਸੀ ਅਤੇ ਸਫਲਤਾਪੂਰਵਕ ਪੂਰੀ ਕੀਤੀ ਗਈ, ਜਿਸ ਤੋਂ ਬਾਅਦ ਮਰੀਜ਼ਾਂ ਦੀ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਲਈ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਵਲੋਂ ਇਨ੍ਹਾਂ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਨੂੰ ਵੀ ਪਲਾਜ਼ਮਾ ਥੈਰੇਪੀ ਰਾਹੀਂ ਇਲਾਜ ਦੀ ਪ੍ਰਵਾਨਗੀ ਮਿਲੀ ਸੀ।
ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੁਨੀਆ ਭਰ ਵਿੱਚ ਵਰਤੀ ਜਾ ਰਹੀ ਹੈ। ਕੋਨਵਾਲੇਸੈਂਟ ਪਲਾਜ਼ਮਾ ਕੋਵਿਡ-19 ਦੇ ਲੱਛਣਾਂ ਵਾਲੇ ਠੀਕ ਹੋਏ ਕਿਸੇ ਵੀ ਮਰੀਜ਼ ਤੋਂ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਦੀ ਰਿਪੋਰਟ ਨੈਗੇਟਿਵ ਹੋ ਜਾਂਦੀ ਹੈ ਤਾਂ ਉਹ 14 ਦਿਨਾਂ ਬਾਅਦ ਆਪਣਾ ਪਲਾਜ਼ਮਾ ਦਾਨ ਕਰ ਸਕਦਾ ਹੈ ਕਿਉਂਕਿ ਉਸ ਦੇ ਖੂਨ ਵਿਚ ਐਂਟੀਬਾਡੀਜ਼ ਹੁੰਦੀਆਂ ਹਨ, ਜੋ ਬਿਮਾਰੀ ਨੂੰ ਠੀਕ ਕਰਨ ਵਿਚ ਸਹਾਇਤਾ ਕਰ ਸਕਦੀਆਂ ਹਨ। ਸ਼੍ਰੀ ਸੋਨੀ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਸਾਰੇ ਡਾਕਟਰਾਂ ਤੇ ਸਟਾਫ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਅਪੀਲ ਕੀਤੀ ਕਿ ਇਸ ਨੇਕ ਕਾਰਜ ਵਾਸਤੇ ਵਧ ਤੋਂ ਵਧ ਲੋਕ ਪਲਾਜ਼ਮਾ ਦਾਨ ਕਰਨ ਤਾਂ ਜੋ ਉਨ੍ਹਾਂ ਕਾਰਨ ਕਿਸੇ ਹੋਰ ਨੂੰ ਜ਼ਿੰਦਗੀ ਮਿਲ ਸਕੇ।