Outbreak of Corona : ਕੋਰੋਨਾ ਦੀ ਮਾਰ ਪੂਰਾ ਵਿਸ਼ਵ ਝੇਲ ਰਿਹਾ ਹੈ। ਆਏ ਦਿਨ ਸੂਬੇ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਾਰਨ ਸੂਬੇ ਵਿਚ ਦੁਬਾਰਾ ਲੌਕਡਾਊਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਕਲ ਵੀਰਵਾਰ ਨੂੰ ਜਲੰਧਰ ਵਿਖੇ ਭਾਰਗੋ ਕੈਂਪ ਦੇ 6 ਲੋਕਾਂ ਸਮੇਤ 25 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ। ਇਸ ਤਰ੍ਹਾਂ ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 671 ਹੋ ਗਈ ਹੈ। 19 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ।
ਭਾਰਗੋਂ ਕੈਂਪ ਤੋਂ ਜਿਹੜੇ 6 ਲੋਕ ਪਾਜੀਟਿਵ ਪਾਏ ਗਏ ਹਨ ਉਹ ਕਿਸੇ ਧਾਰਮਿਕ ਸੰਸਥਾ ਨਾਲ ਸਬੰਧਤ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਹਨ। ਉਥੇ ਸੀ. ਐੱਚ. ਸੀ. ਬੁੰਡਾਲਾ ਵਿਚ ਤਾਇਨਾਤ ਸਟਾਫ ਨਰਸ ਜੋ ਪਾਜੀਟਿਵ ਪਾਈ ਗਈ ਹੈ ਉਹ ਸਿਵਲ ਹਸਪਤਾਲ ਵਿਚ ਕੋਰੋਨਾ ਦੇ ਮਰੀਜ਼ਾਂ ਲਈ ਬਣਾਏ ਵਾਰਡ ਵਿਚ ਡਿਊਟੀ ਦੇ ਚੁੱਕੀ ਹੈ। ਇਸੇ ਤਰ੍ਹਾਂ ਅਵਤਾਰ ਨਗਰ ਵਿਚ ਰਹਿਣ ਵਾਲਾ ਕੈਪੀਟਲ ਬੈਂਕ ਦਾ ਇਕ ਮੁਲਾਜ਼ਮ ਵੀ ਇੰਫੈਕਟਿਡ ਪਾਇਆ ਗਿਆ ਹੈ। ਜਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਤੋਂ 472 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜੇ ਗਏ ਹਨ। 330 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਵਲ ਹਸਪਤਾਲ ਵਿਚ ਕੋਰੋਨਾ ਦੀ ਜਾਂਚ ਲਈ ਬਣਾਏ ਗਏ ਫਲੂ ਕਾਰਨਰ ਵਿਚ ਲੋਕਾਂ ਦੀ ਭੀੜ ਲਗਾਤਾਰ ਵਧ ਰਹੀ ਹੈ। ਫਲੂ ਕਾਰਨਰ ਵਿਚ ਸਰੀਰਕ ਦੂਰੀ ਬਣਾਉਣ ਦੀਆਂ ਨੀਤੀਆਂ ਦੀ ਖੂਬ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਥੇ ਪੁਲਿਸ ਮੁਲਾਜ਼ਮ ਤੇ ਹਸਪਤਾਲ ਦੇ ਨਿੱਜੀ ਸੁਰੱਖਿਆ ਕਰਮਚਾਰੀ ਵੀ ਸਿਹਤ ਵਿਭਾਗ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਵਿਚ ਅਸਫਲ ਸਾਬਤ ਹੋ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ਨੂੰ ਕੰਟਰੋਲ ਕਰਨ ਵਿਚ ਪ੍ਰਸ਼ਾਸਨ ਦੀ ਪੂਰੀ-ਪੂਰੀ ਮਦਦ ਕਰਨ।