Hoshiarpur becomes first : ਹੁਸ਼ਿਆਰਪੁਰ : ਜਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਇਸ ਨਾਜ਼ੁਕ ਦੌਰ ਵਿਚ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਕਿਊ ਆਰ ਕੋਡ ਲਾਂਚ ਕਰਨ ਦੀ ਨਵੀਂ ਪਹਿਲ ਕੀਤੀ ਹੈ ਤਾਂ ਕਿ ਵਧ ਤੋਂ ਵਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਨੂੰ ਸ਼ੁਰੂ ਕਰਨ ਵਾਲਾ ਹੁਸ਼ਿਆਰਪੁਰ ਸੂਬੇ ਦਾ ਪਹਿਲਾ ਜਿਲ੍ਹਾ ਬਣ ਗਿਆ ਹੈ ਜਿਸ ਦੁਆਰਾ ਕਵਿੱਕ ਰਿਸਪਾਂਸ ਕੋਡ ਜਾਰੀ ਕੀਤਾ ਗਿਆ ਹੈ।
ਡੀ. ਸੀ. ਅਪਨੀਤ ਰਿਆਤ ਨੇ ਵੀਰਵਾਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਿਊ ਆਰ ਕੋਡ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਉਦਯੋਗਿਕ ਯੂਨਿਟ ਇਸ ਕੋਡ ਦੁਆਰਾ ਆਪਣੇ ਮੋਬਾਈਲ ‘ਤੇ ਹੀ ਜ਼ਰੂਰੀ ਕਰਮਚਾਰੀਆਂ ਦੀ ਡਿਮਾਂਡ ਦੇ ਸਕਣਗੇ। ਡੀ. ਸੀ. ਨੇ ਕਿਹਾ ਕਿ ਛੋਟੇ-ਵੱਡੇ ਦੁਕਾਨਦਾਰ, ਫੈਕਟਰੀਆਂ, ਉਦਯੋਗਿਕ ਯੂਨਿਟ, ਖੇਤੀਬਾੜੀ ਤੇ ਨਿਰਮਾਣ ਅਧੀਨ ਕੰਮ ਲਈ ਹੋਣਹਾਰ ਕਰਮਚਾਰੀਆਂ ਸਮੇਤ ਜੇ ਮਜ਼ਦੂਰਾਂ ਦੀ ਲੋੜ ਪਈ ਦਾਂ ਮੋਬਾਈਲ ਦਾ ਕੈਮਰਾ ਆਨ ਕਰਕੇ ਸਿਟਕਟਰ (ਬਾਰ ਕੋਡ) ਨੂੰ ਸਕੈਨ ਕਰਕੇ ਤੁਰੰਤ ਪ੍ਰਾਪਤ ਹੋਏ ਕਿਊ ਆਰ ਕੋਡ ਦੁਆਰਾ ਮੰਗ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਕਿਊ ਆਰ ਕੋਡ ਦੇ ਸਟਿਕਰਾਂ ਨੂੰ ਸਹੀ ਢੰਗ ਨਾਲ ਵੰਡਿਆ ਜਾਵੇ ਤਾਂ ਕਿ ਵਪਾਰਕ ਸੰਸਥਾਵਾਂ ਵਧ ਤੋਂ ਵਧ ਰੋਜ਼ਗਾਰ ਦੀ ਡਿਮਾਂਡ ਦੇ ਸਕਣ। ਉਨ੍ਹਾਂ ਕਿਹਾ ਕਿ ਬਾਰ ਕੋਡ ਨੂੰ ਮੋਬਾਈਲ ਦੁਆਰਾ ਸਕੈਨ ਕਰਨ ਨਾਲ ਆਟੋਮੈਟਿਕ ਮੋਬਾਈਲ ‘ਤੇ ਕਿਊ ਆਰ ਕੋਡ ਪਹੁੰਚ ਜਾਵੇਗਾ ਜਿਸ ਨੂੰ ਕਲਿੱਕ ਕਰਕੇ ਜ਼ਰੂਰੀ ਕਰਮਚਾਰੀਆਂ ਦੀ ਤੁਰੰਤ ਡਿਮਾਂਡ ਭਰੀ ਜਾ ਸਕਦੀ ਹੈ। ਡੀ. ਸੀ. ਨੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨਿਰਦੇਸ਼ ਦਿੰਦੇ ਹੋਏ ਹੋਣਹਾਰ ਕਰਮਚਾਰੀਆਂ ਤੇ ਮਜ਼ਦੂਰਾਂ ਆਦਿ ਦੀ ਪ੍ਰਾਪਤ ਹੋਣ ਵਾਲੀ ਡਿਮਾਂਡ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਵਪਾਰਕ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਊ ਆਰ ਕੋਡ ਸਬੰਧੀ ਮੁਸ਼ਕਲ ਆਉਣ ‘ਤੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਦੇ ਮੋਬਾਈਲ ਨੰਬਰਾਂ 81466-22501 ਅਤੇ 78883-29053 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।