extended the deadline for : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿੰਨੀ ਬੱਸ ਪਰਮਿਟ ਲਈ ਅਪਲਾਈ ਕਰਨ ਦੀ ਤਰੀਕ ਨੂੰ 15 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਤਰੀਕ 30 ਜੂਨ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਤਰੀਕ ਨੂੰ ਵਧਾਉਣ ਦਾ ਮੁੱਖ ਟੀਚਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮਿੰਨੀ ਬੱਸ ਆਪ੍ਰੇਟਰਾਂ ਦੀ ਨਵੇਂ ਮਿੰਨੀ ਬੱਸ ਪਰਮਿਟ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਵਲੋਂ ਅਰਜ਼ੀਆਂ ਪ੍ਰਾਪਤ ਕਰਨ ‘ਤੇ ਰੋਕ ਲਗਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ 1400 ਤੋਂ ਵਧ ਪੇਂਡੂ ਰੂਟਾਂ ਨੂੰ ਕਵਰ ਕਰਨ ਲਈ ਪਰਮਿਟ ਦੇਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਸਨ।
ਕੈਪਟਨ ਨੇ ਬੱਸਾਂ ਵਿੱਚ ਸਮਰੱਥਾ ਤੋਂ ਕੇਵਲ 50 ਫੀਸਦੀ ਸਵਾਰੀਆਂ ਬਿਠਾਉਣ ਦੀ ਸ਼ਰਤ ਖਤਮ ਕਰਨ ਦਾ ਐਲਾਨ ਵੀ ਕੀਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ ਬੱਸਾਂ ਦੀ ਸਹੂਲਤ ਨਾ ਹੋਣ ਕਾਰਨ ਆਉਣ-ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 50 ਫੀਸਦੀ ਸਵਾਰੀਆਂ ਬਿਠਾਉਣ ਦੀ ਸ਼ਰਤ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ। ਕੈਪਟਨ ਵਲੋਂ ਇਹ ਐਲਾਨ ਹੈਸ਼ਟੈਗ ‘Ask Captain’ ਵਿਚ ਫੇਸਬੁੱਕ ਰਾਹੀਂ ਲੋਕਾਂ ਸਾਹਮਣੇ ਲਾਈਵ ਹੋ ਕੇ ਕੀਤਾ ਗਿਆ। ਜਿਥੇ ਇਕ ਨੌਜਵਾਨ ਵਲੋਂ ਸਵਾਲ ਕੀਤਾ ਗਿਆ ਸੀ ਕਿ ਉਹ ਮਿੰਨੀ ਬੱਸ ਚਲਾਉਣ ਵਾਸਤੇ ਪਰਮਿਟ ਚਾਹੁੰਦਾ ਹੈ। ਇਸੇ ਦੇ ਮੱਦੇਨਜ਼ਰ ਕੈਪਟਨ ਵਲੋਂ ਬੱਸ ਪਰਮਿਟ ਲਈ ਅਪਲਾਈ ਕਰਨ ਦੀ ਤਰੀਖ ਨੂੰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਵਲੋਂ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ 5000 ਮਿੰਨੀ ਬੱਸ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਟਰਾਂਸਪੋਰਟ ਵਿਭਾਗ ਨੇ ਪਰਮਿਟ ਦੇਣ ਸਬੰਧੀ ਅਰਜ਼ੀਆਂ ਦੀ ਮੰਗ ਲਈ ਜਨਤਕ ਨੋਟਿਸ ਵੀ ਜਾਰੀ ਕੀਤੇ ਸਨ।