New cases of Corona : ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਇਸ ਨਾਲ ਇੰਫੈਕਿਟਡ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਿਲ੍ਹਾ ਫਿਰੋਜ਼ਪੁਰ ਤੋਂ 3 ਤੇ ਰੂਪਨਗਰ ਤੋਂ ਇਕ ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਫਿਰੋਜ਼ਪੁਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਜਿਹੜੇ ਅੱਜ ਤਿੰਨ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ 2 ਫਿਰੋਜ਼ਪੁਰ ਦੇ ਤਲਵੰਡੀ ਭਾਈ ਨਾਲ ਸਬੰਧਤ ਹਨ ਅਤੇ ਇਕ ਜਿਲ੍ਹਾ ਫਿਰੋਜ਼ਪੁਰ ਦਾ ਹੈ। ਸਿਹਤ ਵਿਭਾਗ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਸਨ।
ਇਸੇ ਤਰ੍ਹਾਂ ਜਿਲ੍ਹਾ ਰੂਪਨਗਰ ਤੋਂ 5 ਸਾਲਾ ਬੱਚੇ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਬੱਚਾ ਗ੍ਰੀਨ ਐਵੇਨਿਊ ਦਾ ਰਹਿਣ ਵਾਲਾ ਹੈ। ਜਿਲ੍ਹੇ ਵਿਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 19 ਹੋ ਗਈ ਹੈ। ਉਕਤ ਜਾਣਕਾਰੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਵਲੋਂ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ 10,600 ਲੋਕਾਂ ਦੇ ਸੈਂਪਲਾਂ ਵਿਚੋਂ 10,241 ਦੀ ਰਿਪੋਰਟ ਨੈਗੇਟਿਵ ਆਈ ਹੈ। 254 ਦੀ ਰਿਪੋਰਟ ਪੈਂਡਿੰਗ ਹੈ। ਰੂਪਨਗਰ ਵਿਚ ਕੋਰੋਨਾ ਨਾਲ ਇਕ ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਸੂਬੇ ਵਿਚ ਹੁਣ ਤਕ 284431 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਵੱਖ-ਵੱਖ ਹਸਪਤਾਲਾਂ ਵਿਚ 1608 ਲੋਕ ਆਈਸੋਲੇਸ਼ਨ ਵਾਰਡ ਵਿਚ ਭਰਤੀ ਹਨ ਜਿਨ੍ਹਾਂ ‘ਚੋਂ 22 ਆਕਸੀਜਨ ਤੇ 7 ਵੈਂਟੀਲੇਟਰ ‘ਤੇ ਹਨ। ਸੂਬੇ ਵਿਚ ਜਿਨ੍ਹਾਂ 119 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਉਨ੍ਹਾਂ ਵਿਚੋਂ ਅੰਮ੍ਰਿਤਸਰ ਦੇ 73, ਮੋਹਾਲੀ ਦੇ 12, ਪਠਾਨਕੋਟ ਤੇ ਸੰਗਰੂਰ ਦੇ 7-7, ਕਪੂਰਥਲਾ ਦੇ 6, ਫਿਰੋਜ਼ਪੁਰ ਦੇ 5, ਮੋਗਾ ਦੇ 4, ਤਰਨਤਾਰਨ ਦੇ 3 ਅਤੇ ਬਰਾਲਾ ਤੇ ਫਤਿਹਗੜ੍ਹ ਸਾਹਿਬ ਦੇ 1-1 ਮਰੀਜ਼ ਸ਼ਾਮਲ ਹਨ।