Gangs occupying NRI’s : ਚੰਡੀਗੜ੍ਹ ਵਿਖੇ ਐੱਨ. ਆਰ. ਆਈਜ਼. ਦੀਆਂ ਕੋਠੀਆਂ ‘ਤੇ ਕਬਜ਼ਾ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ 5 ਲੋਕਾਂ ਦਾ ਗੈਂਗ ਹੈ ਜਿਸ ਵਿਚ 3 ਔਰਤਾਂ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਇਹ ਫੜੀਆਂ ਜਾਂਦੀਆਂ ਤਾਂ ਮਕਾਨ ਮਾਲਕ ਦੇ ਸਾਹਮਣੇ ਆਪਣੇ ਕੱਪੜੇ ਉਤਾਰ ਦਿੰਦੀਆਂ ਤੇ ਇਸ ਦਾ ਵੀਡੀਓ ਬਣਾ ਦਿੰਦੀਆਂ। ਇਸ ਤੋਂ ਬਾਅਦ ਮਕਾਨ ਮਾਲਕ ਨੂੰ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਦੀ ਕੋਠੀ ‘ਤੇ ਕਬਜ਼ਾ ਕਰ ਲੈਂਦੀਆਂ। ਇਨ੍ਹਾਂ ਵਿਚੋਂ ਦੋ ਔਰਤਾਂ ਗਾਜ਼ੀਆਬਾਦ ਦੀ ਰਹਿਣ ਵਾਲੀਆਂ ਹਨ।
ਚੰਡੀਗੜ੍ਹ ਪੁਲਿਸ ਨੇ ਇਸ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਇਨ੍ਹਾਂ ਸਾਰੀਆਂ ‘ਤੇ ਆਈ. ਪੀ. ਸੀ. ਦੀ ਧਾਰਾ 448, 380, 405, 120 ਬੀ, 506 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਥੇ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਗੈਂਸ ‘ਚ ਕਿੰਨੇ ਹੋਰ ਲੋਕ ਸ਼ਾਮਲ ਹਨ। ਗ੍ਰਿਫਤਾਰ ਕੀਤੇ ਗਏ 5 ਲੋਕਾਂ ਵਿਚੋਂ ਤਿੰਨ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ। 5 ਦੋਸ਼ੀ ਉਦੋਂ ਫੜੇ ਗਏ ਜਦੋਂ ਉਨ੍ਹਾਂ ਨੇ ਅਮਰੀਕਾ ਵਿਚ ਰਹਿ ਰਹੇ ਹਰਭਜਨ ਸਿੰਘ ਦੇ ਚੰਡੀਗੜ੍ਹ ਸੈਕਟਰ-40 ਸਥਿਤ ਕੋਠੀ ਨੰਬਰ 717 ‘ਤੇ ਕਬਜ਼ਾ ਕਰ ਲਿਆ। ਸੈਕਟਰ-39 ਥਾਣਾ ਇੰਚਾਰਜ ਨੇ 5 ਦੋਸ਼ੀਆਂ 45 ਸਾਲਾ ਮਹਿਲਾ ਨੀਰਜ ਮਲਹੋਤਰਾ, ਪੰਜਾਬ ਦੇ ਪਿੰਡ ਭਾਮੀਆਂ ਕਲਾਂ ਨਿਵਾਸੀ ਮਹਿਲਾ ਦਿਲਪ੍ਰੀਤ, ਪੰਜਾਬ ਦੇ ਪਿੰਡ ਧਮੋਤ ਕਲਾਂ ਨਿਵਾਸੀ ਅਮਰਦੀਪ ਸਿੰਘ, ਸੈਕਟਰ-39 ਵਾਸੀ ਵਿਕਾਸ ਜੋਸ਼ੀ ਤੇ ਸੈਕਟਰ-56 ਨਿਵਾਸੀ ਕੁੰਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਸ਼ਿਕਾਇਤ ‘ਚ ਅਮਨਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਫੁੱਫੜ ਹਰਭਜਨ ਸਿੰਘ ਅਮਰੀਕਾ ‘ਚ ਰਹਿੰਦੇ ਹਨ। ਇਹ ਕੋਠੀ ਉਨ੍ਹਾਂ ਨੇ 11 ਮਹੀਨੇ ਪਹਿਲਾਂ ਜਯੇਸ਼ ਪੰਚਾਲ ਨਾਂ ਦੇ ਵਿਅਕਤੀ ਨੂੰ ਦਿੱਤੀ ਸੀ। ਥੋੜ੍ਹੇ ਦਿਨ ਪਹਿਲਾਂ ਉਸ ਨੇ ਦੱਸਿਆ ਕਿ ਉਹ ਕੋਠੀ ਖਾਲੀ ਕਰ ਰਿਹਾ ਹੈ। ਅਮਨਜੋਤ ਨੇ ਦੱਸਿਆ ਕਿ ਲੌਕਡਾਊਨ ਵਿਚ ਕੋਠੀ ਦਾ ਬਿਜਲੀ ਅਤੇ ਪਾਣੀ ਦਾ ਬਿੱਲ ਨਹੀਂ ਭਰਿਆ ਗਿਆ ਸੀ ਜਿਸ ਕਾਰਨ ਉਹ ਉਥੇ ਆਇਆ ਤਾਂ ਉਸ ਨੇ ਦੇਖਿਆ ਕਿ ਦੋ ਔਰਤਾਂ ਉਥੇ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਨੇ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ।