Navjot Sidhu may return : ਚੰਡੀਗੜ੍ਹ : ਲੰਮੇ ਸਮੇਂ ਤੋਂ ਸਿਆਸਤ ਤੋਂ ਦੂਰ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਵਾਪਸੀ ਹੋ ਸਕਦੀ ਹੈ। ਅਫਸਰਸ਼ਾਹੀ ਵਿਚ ਹੋਏ ਫੇਰਬਦਲ ਤੋਂ ਬਾਅਦ ਮੰਤਰੀ ਮੰਡਲ ਵਿਚ ਵੀ ਇਕ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ, ਇਸ ਵਿਚ ਕੁਝ ਮੰਤਰੀਆਂ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚੋਂ ਇਕ ਨਵਜੋਤ ਸਿੰਘ ਸਿੱਧੂ ਹੋ ਸਕਦੇ ਹਨ।
ਇਸ ਸਮੇਂ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਮੰਤਰੀਆਂ ਵਿਚੋਂ ਨਵਜੋਤ ਸਿੰਘ ਸਿੱਧੂ ਚਰਚਾ ਵਿਚ ਹਨ। ਕਿਹਾ ਜਾ ਰਿਹਾ ਹੈ ਕਿ ਉਹ ਮੁੜ ਕਾਂਗਰਸ ਸਰਕਾਰ ਵਿਚ ਉਪ ਮੁੱਖ ਮੰਤਰੀ ਬਣ ਕੇ ਵਾਪਸੀ ਕਰ ਸਕਦੇ ਹਨ। ਪਤਾ ਲੱਗਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿਚ ਹੀ ਸਨ ਅਤੇ ਪਾਰਟੀ ਨੇਤਾਵਾਂ ’ਤੇ ਉਨ੍ਹਾਂ ਨੂੰ ਮੁੜ ਲੋਕਲ ਬਾਡੀ ਵਿਭਾਗ ਦਿੱਤੇ ਜਾਣ ਦਾ ਦਬਾਅ ਪਾ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਦਿੱਲੀ ਦਰਬਾਰ ਵਿਚ ਜਾਣ ਤੋਂ ਬਾਅਦ ਹੀ ਇਹ ਚਰਚਾ ਸ਼ੁਰੂ ਹੋਈ ਹੈ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਮੰਤਰੀ ਦਾ ਮਹਿਕਮਾ ਵਾਪਿਸ ਲੈ ਕੇ ਸਿੱਧੂ ਨੂੰ ਨਹੀਂ ਦੇਣਾ ਚਾਹੁੰਦੇ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਿਜਲੀ ਵਿਭਾਗ, ਜੋਕਿ ਇਸ ਸਮੇਂ ਮੁੱਖ ਮੰਤਰੀ ਕੋਲ ਹੀ ਹੈ, ਲੈਣ ਦਾ ਪ੍ਰਸਤਾਵ ਦਿੱਤਾ ਹੈ ਪਰ ਸਿੱਧੂ ਇਸ ਲਈ ਹਾਮੀ ਨਹੀਂ ਭਰ ਰਹੇ। ਮਈ 2019 ਵਿਚ ਜਦੋਂ ਕੈਪਟਨ ਨੇ ਸਿੱਧੂ ਨੂੰ ਲੋਕਲ ਬਾਡੀ ਵਿਭਾਗ ਤੋਂ ਹਟਾ ਕੇ ਬਿਜਲੀ ਵਿਭਾਗ ਦਿੱਤਾ ਸੀ ਤਾਂ ਉਨ੍ਹਾਂ ਨੇ ਇਹ ਸਵੀਕਾਰ ਨਹੀਂ ਕੀਤਾ ਸੀ, ਜਿਸ ਦੇ ਚੱਲਦਿਆਂ ਹੁਣ ਪਾਰਟੀ ਕੋਈ ਵਿਚਲਾ ਰਸਤਾ ਲੱਭ ਰਹੀ ਹੈ, ਜਿਸ ਵਿਚ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਕੇ ਬਿਜਲੀ ਮਹਿਕਮਾ ਦੇ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵਿਚ ਅਹੁਦਾ ਵੀ ਵਧ ਜਾਏਗਾ ਤੇ ਉਨ੍ਹਾਂ ਨੂੰ ਮਹਿਕਮਾ ਵੀ ਨਹੀਂ ਬਦਲਣਾ ਪਏਗਾ।