Bus Operators Welfare : ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਹਰੇਕ ਖੇਤਰ ‘ਤੇ ਇਸ ਦਾ ਅਸਰ ਪਿਆ ਹੈ। ਭਾਵੇਂ ਪੰਜਾਬ ਸਰਕਾਰ ਵਲੋਂ ਅਨਲਾਕ-1 ਅਧੀਨ ਕਾਫੀ ਰਾਹਤ ਦਿੱਤੀ ਗਈ ਹੈ ਪਰ ਫਿਰ ਵੀ ਕਈ ਅਜਿਹੇ ਵਿਭਾਗ ਹਨ ਜੋ ਕੋਰੋਨਾ ਦੀ ਮਾਰ ਝੇਲ ਰਹੇ ਹਨ। ਇਨ੍ਹਾਂ ਵਿਚੋਂ ਸਕੂਲ ਬੱਸ ਆਪ੍ਰੇਟਰ ਵੈਲਫੇਅਰ ਐਸੋਸੀਏਸ਼ਨ ਟ੍ਰਾਈਸਿਟੀ ਵੀ ਸ਼ਾਮਲ ਹੈ। ਸਕੂਲ ਬੱਸ ਐਸੋਸੀਏਸ਼ਨ ਦੀ 24 ਜੂਨ ਨੂੰ ਹੋਈ ਬੈਠਕ ਤੋਂ ਬਾਅਦ ਐਤਵਾਰ ਨੂੰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇਕ ਚਿੱਠੀ ਲਿਖ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਤੋਂ ਬੱਸਾਂ ਨਹੀਂ ਚੱਲ ਰਹੀਆਂ ਹਨ ਜਿਸ ਕਾਰਨ ਮੁਲਾਜ਼ਮਾਂ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ।ਲਗਭਗ 4 ਮਹੀਨੇ ਤੋਂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਕੋਈ ਰਕਮ ਨਹੀਂ ਦਿੱਤੀ ਗਈ। ਇਸ ਸਬੰਧ ਵਿਚ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਟਰਾਂਸਪੋਰਟ ਸਕੱਤਰ ਨੂੰ ਚਿੱਠੀ ਵੀ ਲਿਖੀ ਪਰ ਅਜੇ ਤਕ ਇਸ ਦਾ ਕੋਈ ਜਵਾਬ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਲਗਭਗ 1200 ਸਕੂਲ ਬੱਸਾਂ ਚੱਲ ਰਹੀਆਂ ਸਨ ਜਿਨ੍ਹਾਂ ਵਿਚ ਡਰਾਈਵਰ, ਅਟੈਂਡੈਂਟ, ਲੇਡੀ ਅਟੈਂਡੈਂਟ ਦੇ ਸਟਾਫ ਨੂੰ ਮਿਲਾ ਕੇ 4000 ਮੁਲਾਜ਼ਮ ਹਨ।ਇਹ ਸਾਰੇ ਪਰਿਵਾਰ ਲੌਕਡਾਊਨ ਦੀ ਵਜ੍ਹਾ ਕਾਰਨ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਟ੍ਰਾਈਸਿਟੀ ਵਿਚ ਇਹ ਲੋਕ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੇ ਹਨ। ਸਕੂਲ ਪ੍ਰਸ਼ਾਸਨ ਵਲੋਂ ਇਨ੍ਹਾਂ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੱਸ ਆਪ੍ਰੇਟਰਾਂ ਕੋਲ ਹੁਣ ਆਮਦਨ ਦਾ ਕੋਈ ਦੂਜਾ ਸਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਲੋਂ ਫੀਸ ਵਾਧੇ ਦਾ ਮੁੱਦਾ ਇਸ ਸਮੇਂ ਕਾਫੀ ਚਰਚਾ ਵਿਚ ਹੈ ਪਰ ਦੋਵੇਂ ਪੱਖਾਂ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਇਸ ਦਾ ਕੋਈ ਹੱਲ ਲੱਭ ਸਕੇ।