Security agencies instructed : ਕੇ. ਐੱਲ. ਐੱਫ. ਦੇ ਤਿੰਨ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਮਿਲੇ ਮਹੱਤਵਪੂਰਨ ਸੁਰਾਗ ਤੋਂ ਬਾਅਦ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਸਖਤ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਸੂਬੇ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਿਚ ਲੱਗੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਅੰਮ੍ਰਿਤਸਰ ਦੇ ਸ਼ਿਵ ਸੈਨਾ ਨੇਤਾ ਤੇ ਡੇਰਾ ਸੱਚਾ ਸੌਦਾ ਦੇ ਚੇਲੇ ਸਨ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਗ੍ਰਿਫਤਾਰ ਤਿੰਨ ਅੱਤਵਾਦੀ ਵਿਚ ਮਾਰੇ ਗਏ ਕੇ. ਐੱਲ. ਐੱਫ. ਦੇ ਅੱਤਵਾਦੀ ਹੈਪੀ ਪੀ. ਐੱਚ. ਡੀ. ਦੇ ਸੰਪਰਕ ਵਿਚ ਰਹੇ ਹਨ। ਅੱਤਵਾਦੀ ਮਹਿੰਦਰ ਪਾਲ ਸਿੰਘ, ਗੁਰਤੇਜ ਸਿੰਘ ਤੇ ਲਵਪ੍ਰੀਤ ਸਿੰਘ ਦੇ ਤਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ‘ਚ ਖਾਲਿਸਤਾਨੀ ਸਰਗਰਮੀ ਨਾਲ ਜੁੜੇ ਅੱਤਵਾਦੀ ਗੁਰਮੀਤ ਸਿੰਘ ਤੇ ਵਿਕਰਮਜੀਤ ਸਿੰਘ ਨਾਲ ਵੀ ਜੁੜੇ ਹੋਏ ਸਨ। ਇਨ੍ਹਾਂ ਅੱਤਵਾਦੀਆਂ ਨੇ ਨਿਰੰਕਾਰੀ ਭਵਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸੀ। ਪਿਛਲੇ ਕਈ ਸਾਲਾਂ ਤੋਂਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹੇ ਹਿੰਦੂ ਨੇਤਾ ਸੁਧੀਰ ਸੁਰੀ ਅਤੇ ਖਾਲਿਸਤਾਨੀ ਸਮਰਥਕਾਂ ਵਿਚ ਕਈ ਵਾਰ ਟਕਰਾਅ ਹੋ ਚੁੱਕਾ ਹੈ। ਜ਼ਮਾਨਤ ‘ਤੇ ਬਾਹਰ ਆਏ ਸੁਧੀਰ ਸੂਰੀ ਨੂੰ ਸਰਕਾਰ ਨੇ 12 ਸੁਰੱਖਿਆ ਮੁਲਾਜ਼ਮ ਦਿਤੇ ਹੋਏ ਹਨ।
2018 ਵਿਚ ਰਾਜਾਸਾਂਸੀ ਦੇ ਪਿੰਡ ਵਿਚ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਬਣਾ ਰਹੇ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਸੁਰੱਖਿਆ ਏਜੰਸੀਆਂ ਨੇ ਇਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਗੁਰਮੀਤ ਸਿੰਘ ਤੋਂ ਮਸ਼ੀਨ ਗਨ ਅਤੇ ਭਾਰੀ ਗਿਣਤੀ ਵਿਚ ਗੋਲੀ-ਸਿੱਕਾ ਅਤੇ ਮੈਗਜ਼ੀਨ ਵੀ ਬਰਾਮਦ ਕੀਤਾ ਜਾ ਚੁੱਕਾ ਹੈ। ਅੱਤਵਾਦੀ ਗੁਰਮੀਤ ਸਿੰਘ ਅਪ੍ਰੈਲ 2018 ਵਿਚ ਪਾਕਿਸਤਾਨ ਜਾ ਚੁੱਕਾ ਹੈ ਅਤੇ ਦਿੱਲੀ ਵਿਚ ਫੜੇ ਤਿੰਨੋਂ ਅੱਤਵਾਦੀ ਹਥਿਆਰਾਂ ਦੀ ਟ੍ਰੇਨਿੰਗ ਲਈ ਪਾਕਿ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।