Delhi CoronaVirus Cases: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਪਿਛਲੇ ਦਸ ਦਿਨਾਂ ਵਿੱਚ ਜਦੋਂ ਤੋਂ ਦਿੱਲੀ ਵਿੱਚ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ, ਰੋਜ਼ਾਨਾ ਤਿੰਨ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਮੌਜੂਦਾ ਸਮੇਂ ਵਿੱਚ ਚੀਨ ਜਿੰਨੇ ਕੋਰੋਨਾ ਵਾਇਰਸ ਦੇ ਕੇਸ ਹੋ ਗਏ ਹਨ।
ਦਰਅਸਲ, ਐਤਵਾਰ ਰਾਤ ਨੂੰ ਜਾਰੀ ਕੀਤੀ ਗਈ ਦਿੱਲੀ ਸਰਕਾਰ ਦੇ ਮੈਡੀਕਲ ਬੁਲੇਟਿਨ ਦੇ ਅਨੁਸਾਰ ਦਿੱਲੀ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੁੱਲ 83077 ਕੇਸ ਹਨ । ਇਨ੍ਹਾਂ ਵਿੱਚੋਂ ਲਗਭਗ 27 ਹਜ਼ਾਰ ਕੇਸ ਸਰਗਰਮ ਹਨ, ਜਦੋਂਕਿ ਰਾਜਧਾਨੀ ਵਿੱਚ ਹੁਣ ਤੱਕ 2623 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹੁਣ ਜੇਕਰ ਇੱਥੇ ਚੀਨ ਨਾਲ ਤੁਲਨਾ ਕੀਤੀ ਜਾਵੇ ਤਾਂ ਐਤਵਾਰ ਤੱਕ ਚੀਨ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸ 83,512 ਹਨ ਜੋ ਕਿ ਦਿੱਲੀ ਨਾਲੋਂ ਥੋੜੇ ਹੀ ਜ਼ਿਆਦਾ ਹਨ ਅਤੇ ਸੋਮਵਾਰ ਨੂੰ ਵੀ ਇਹ ਅੰਕੜਾ ਪਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਚੀਨ ਵਿੱਚ ਇਸ ਮਹਾਂਮਾਰੀ ਕਾਰਨ ਕੁੱਲ 4600 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦਿੱਲੀ ਲਈ ਚਿੰਤਾ ਦਾ ਵਿਸ਼ਾ ਹੈ ਕਿ ਕੁੱਲ 80 ਹਜ਼ਾਰ ਕੇਸਾਂ ਵਿਚੋਂ 40 ਪ੍ਰਤੀਸ਼ਤ ਅਜੇ ਵੀ ਸਰਗਰਮ ਹਨ । ਦਿੱਲੀ ਵਿੱਚ ਇਸ ਵੇਲੇ 27827 ਐਕਟਿਵ ਕੇਸ ਹਨ ।
ਦੱਸ ਦੇਈਏ ਕਿ ਰਾਜਧਾਨੀ ਵਿੱਚ ਪਿਛਲੇ ਦਸ ਦਿਨਾਂ ਤੋਂ ਟੈਸਟਿੰਗ ਦੀ ਰਫ਼ਤਾਰ ਵਧਾ ਦਿੱਤੀ ਗਈ ਹੈ। ਪਹਿਲਾਂ, ਜਿੱਥੇ ਹਰ ਰੋਜ਼ ਲਗਭਗ ਚਾਰ-ਪੰਜ ਹਜ਼ਾਰ ਟੈਸਟ ਕੀਤੇ ਜਾ ਰਹੇ ਸਨ, ਹੁਣ ਔਸਤਨ 16-17 ਹਜ਼ਾਰ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਮਾਮਲਿਆਂ ਵਿੱਚ ਅਚਾਨਕ ਉਛਾਲ ਆਇਆ ਹੈ।