Navjot Singh Sidhu Live : ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ‘ਸਪੀਕ ਅੱਪ ਇੰਡੀਆ’ ਪ੍ਰੋਗਰਾਮ ‘ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਾਮਲ ਹੋ ਕੇ ਆਪਣੇ ਵਿਚਾਰ ਲੋਕਾਂ ਨੂੰ ਦੱਸੇ। ਉਨ੍ਹਾਂ ਨੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਵਿਰੋਧੀਆਂ ‘ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਨੇ ਪ੍ਰਵਾਸੀਆਂ ਮਜ਼ਦੂਰਾਂ ਲਈ ਆਪਣੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਆਦਮੀ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਹੀ ਦੂਰ ਕਿਉਂ ਨਾ ਚਲੇ ਜਾਣ ਪਰ ਉਸ ਦੇ ਮਨ ‘ਚ ਆਪਣੀ ਮਾਤ-ਭੂਮੀ ਦਾ ਪਿਆਰ ਹਮੇਸ਼ਾ ਰਹਿੰਦਾ ਹੈ। ਹੁਣ ਅਸੀਂ ਦੁਬਾਰਾ ਤੋਂ ਪ੍ਰਵਾਸੀਆਂ ਨੂੰ ਆਪਣੇ ਨਾਲ ਜੋੜਾਂਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਉਨ੍ਹਾਂ ਦਾ ਮਾਨ-ਸਨਮਾਨ ਮਿਲਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਦੇਸ਼ ਦੀ ਤਸਵੀਰ ਬਦਲਣੀ ਹੈ ਤਾਂ ਇਹ ਓਵਰਸੀਜ਼ ਇੰਡੀਅਨ ਦੇ ਬਿਨਾਂ ਸੰਭਵ ਨਹੀਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਚੰਗੀ ਤਰ੍ਹਾਂ ਜਾਣਦਾ ਹਾਂ। ਸਾਨੂੰ ਹਵਾਈ ਰਾਜਨੀਤੀ ਤੋਂ ਬਾਹਰ ਹੋ ਕੇ ਜ਼ਮੀਨ ‘ਤੇ ਆਉਣ ਦੀ ਜ਼ਰੂਰਤ ਹੈ। ਮੈਂ ਨੀਤੀ, ਇਰਾਦੇ ਅਤੇ ਨਿਆਂ ‘ਚ ਵਿਸ਼ਵਾਸ ਰੱਖਦਾਂ ਹਾਂ। ਪੰਜਾਬ ਨੂੰ ਬ੍ਰਾਂਡ ਪੰਜਾਬ ਬਣਾਉਣ ਦੀ ਲੋੜ ਹੈ। 2 ਫੀਸਦੀ ਲੋਕ ਦੁਨੀਆ ਦਾ ਢਿੱਡ ਭਰ ਰਹੇ ਹਨ। ਮੈਂ 32 ਕਰੋੜ ਦੀ ਆਮਦਨੀ ਛੱਡ ਕੇ ਕਰੀਅਰ ਬਣਾਉਣ ਨਹੀਂ ਆਇਆ। ਸਿੱਧੂ ਅੱਜ ਵੀ ਪੰਜਾਬ ਨਾਲ ਖੜ੍ਹਾ ਹੈ। ਮੈਂ ਨੀਤੀ, ਨੀਅਤ ਅਤੇ ਇਨਸਾਫ ਮੰਗਦਾਂ ਹਾਂ। ਅਸਲੀ ਲੀਡਰ ਉਹ ਹੁੰਦੇ ਹਨ ਜੋ ਖੁਦ ਦੇ ਨਫੇ-ਨੁਕਸਾਨ ਨੂੰ ਨਾ ਦੇਖਦੇ ਹੋਏ ਜਨਤਾ ਦੀ ਸੋਚੇ। ਸਾਨੂੰ ਰੇਡ, ਪਰਚਿਆਂ ਅਤੇ ਇਨਕਵਾਰੀਆਂ ਤੋਂ ਨਹੀਂ ਡਰਨਾ ਚਾਹੀਦਾ। ਮੈਂ ਸਾਰੇ ਮੁੱਦਿਆਂ ‘ਤੇ ਚੁੱਪ ਹੋ ਕੇ ਨਹੀਂ ਬੈਠ ਸਕਦਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਜ਼ਰੂਰਤ ‘ਪਗੜੀ ਸੰਭਾਲ ਜੱਟਾ’ ਦੀ ਹੈ। ਅੱਜ ਪੰਜਾਬ ਦੇ ਟੈਲੇਂਟ ਨੂੰ ਮੌਕਾ ਨਹੀਂ ਮਿਲਣ ਕਾਰਣ ਉਹ ਵਿਦੇਸ਼ ਭੱਜ ਰਹੇ ਹਨ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਹੁੰਦੀਆਂ।
1997 ‘ਚ ਪੰਜਾਬ ‘ਤੇ 15000 ਕਰੋੜ ਰੁਪਏ ਦਾ ਕਰਜ਼ਾ ਸੀ, ਜੋ 2001 ‘ਚ ਵੱਧ ਕੇ 32,496 ਕਰੋੜ ਰੁਪਏ ਹੋ ਗਿਆ। ਫਿਰ ਇਹ ਕਰਜ਼ਾ 2007 ‘ਚ 48,344 ਹਜ਼ਾਰ ਕਰੋੜ ਰੁਪਏ ਤੋਂ ਹੁੰਦੇ ਹੋਏ 2017 ‘ਚ ਡੇਢ ਲੱਖ ਕਰੋੜ ਰੁਪਏ ਤੇ ਫਿਰ 1,87,000 ਕਰੋੜ ਰੁਪਏ ਤੇ ਹੁਣ 2,48,000 ਕਰੋੜ ਰੁਪਏ ਹੋ ਗਿਆ ਹੈ। ਅੱਜ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਗਹਿਣੇ ਰੱਖ ਦਿੱਤੀਆਂ ਗਈਆਂ ਹਨ। ਸਮੱਸਿਆ ਹੈ ਤਾਂ ਸੰਜੀਵਨੀ ਵੀ ਹੈ। ਮੈਂ ਸਿਰਫ ਸਮੱਸਿਆ ਨਹੀਂ ਦੱਸਦਾ। ਸੰਜੀਵਨੀ ਵੀ ਦੱਸਦਾ ਹਾਂ। ਅੱਜ ਲੋੜ ਹੈ ਕਿ ਅਸੀਂ ਤਮਿਲਨਾਡੂ ਵਾਂਗ ਸ਼ਰਾਬ ਤੇ ਰੇਤ ਦਾ ਰੈਵੇਨਿਊ ਵਧਾਈਏ। ਇਹ ਪੈਸੇ ਕੁਝ ਲੋਕਾਂ ਦੀ ਜੇਬ ‘ਚ ਜਾਣ ਦੀ ਬਜਾਏ ਪੰਜਾਬ ਦੀ ਵਿਕਾਸ ਰਾਸ਼ੀ ‘ਚ ਜਾਣੇ ਚਾਹੀਦੇ ਹਨ। ਇਹ ਪੈਸਾ ਸਿੱਖਿਆ ਤੇ ਸਿਹਤ ‘ਤੇ ਖਰਚ ਹੋਣਾ ਚਾਹੀਦਾ ਹੈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ।