sanjay singh slams bjp: ਨਵੀਂ ਦਿੱਲੀ : ਲੱਦਾਖ ਦੇ ਗਾਲਵਾਨ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਏ ਟਕਰਾਅ ਦੇ ਬਾਅਦ ਤੋਂ ਦੇਸ਼ ਵਿੱਚ ਚੀਨ ਖਿਲਾਫ ਲੋਕਾਂ ਵਿੱਚ ਰੋਸ ਹੈ। ਚੀਨ ਦੇ ਬਾਈਕਾਟ ਦੀਆਂ ਆਵਾਜ਼ਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਿਰੰਤਰ ਉੱਠ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਆਮ ਆਦਮੀ ਪਾਰਟੀ ਦੇ ਨੇਤਾ ਐਮ ਪੀ ਸੰਜੇ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਲੋਕਾਂ ਨੂੰ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੀ ਹੈ, ਪਰ ਉਹ ਖੁਦ ਬੈਂਕ ਆਫ ਚਾਈਨਾ ਤੋਂ 5,700 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਕੇ ਲਿਖਿਆ, “ਵਾਹ, ਭਾਜਪਾ ਤੁਸੀ ਤੇ ਤੁਹਾਡਾ ਨਾਟਕ ਪ੍ਰਸ਼ੰਸਾ ਦੇ ਕਾਬਿਲ ਹੈ। ਤੁਸੀਂ ਦੇਸ਼ ਨੂੰ ਚੀਨ ਦਾ ਬਾਈਕਾਟ ਕਰਨ ਲਈ ਕਹਿੰਦੇ ਹੋ ਅਤੇ ਮੋਦੀ ਸਰਕਾਰ ਚੀਨ ਤੋਂ 5700 ਕਰੋੜ ਦਾ ਕਰਜ਼ਾ ਲੈਂਦੀ ਹੈ।”
ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਖੂਨੀ ਝੜਪ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ, ਜਦਕਿ ਚੀਨੀ ਸੈਨਿਕਾਂ ਨੂੰ ਵੀ ਨੁਕਸਾਨ ਪਹੁੰਚਿਆ। ਉਦੋਂ ਤੋਂ ਹੀ ਚੀਨ ਦੇ ਬਾਈਕਾਟ ਦੀਆਂ ਆਵਾਜ਼ਾਂ ਆ ਰਹੀਆਂ ਹਨ। ਸੈਨਿਕਾਂ ਦੇ ਮੁੱਦੇ ਨੂੰ ਚੁੱਕਦਿਆਂ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਗੋਡੇ ਟੇਕ ਰਹੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਸਰਹੱਦ ‘ਤੇ ਸੈਨਿਕ ਸ਼ਹੀਦ ਹੋ ਰਹੇ ਹਨ ਅਤੇ ਭਾਜਪਾ ਸਰਕਾਰ ਗੋਡੇ ਟੇਕਨਾ ਯੋਜਨਾ ਤਹਿਤ ਕੰਮ ਕਰ ਰਹੀ ਹੈ।” ਦਰਅਸਲ, ਐਲਏਸੀ ਨੂੰ ਲੈ ਕੇ ਟਕਰਾਅ ਦੇ ਵਿਚਕਾਰ, ਕੇਂਦਰੀ ਵਿੱਤ ਮੰਤਰਾਲੇ ਨੇ 19 ਜੂਨ ਨੂੰ ਕਿਹਾ ਸੀ ਕਿ ਬੀਜਿੰਗ ਸਥਿਤ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏਆਈਆਈਬੀ) ਕੋਰੋਨਾ ਵਾਇਰਸ ਨਾਲ ਲੜਨ ਲਈ ਲੱਗਭਗ 5700 ਕਰੋੜ ਰੁਪਏ ਦੀ ਸਹਾਇਤਾ ਦੇਵੇਗਾ। ਇਸ ਦਾ ਜ਼ਿਕਰ ਕਰਦਿਆਂ ਸੰਜੇ ਸਿੰਘ ਨੇ ਭਾਜਪਾ ਸਰਕਾਰ ‘ਤੇ ਗੋਡੇ ਟੇਕਣ ਦਾ ਦੋਸ਼ ਲਾਇਆ।