The state government : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਨਤਕ ਬੱਸਾਂ ਵਿਚ ਪੂਰੀਆਂ ਸਵਾਰੀਆਂ ਬੈਠਣ ਦੀ ਛੋਟ ਦਿੱਤੇ ਜਾਣ ਦੇ ਨਾਲ ਹੀ ਨਿੱਜੀ ਕਾਰ ਵਿਚ ਪੂਰੇ ਪਰਿਵਾਰ ਨਾਲ ਸਫਰ ਕਰਨ ਦੀ ਵੀ ਛੋਟ ਦੇ ਦਿੱਤੀ ਗਈ ਹੈ। ਇਸ ਢਿੱਲ ਦੀ ਸ਼ਰਤ ਇਹ ਹੈ ਕਿ ਕਾਰ ਵਿਚ ਇਕ ਹੀ ਪਰਿਵਾਰ ਦੇ ਮੈਂਬਰ ਬੈਠ ਸਕਣਗੇ। ਰਿਸ਼ਤੇਦਾਰਾਂ, ਪਰਿਵਾਰਕ ਮਿੱਤਰਾਂ ਨੂੰ ਲੈ ਕੇ ਇਕ ਹੀ ਕਾਰ ਵਿਚ ਸਫਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਤਹਿਤ ਕਾਰ ਵਿਚ ਡਰਾਈਵਰ ਦੇ ਨਾਲ ਇਕ ਹੀ ਵਿਅਕਤੀ ਜਾਂ ਲੰਬੇ ਰੂਟ ‘ਤੇ ਚੱਲਦੇ ਸਮੇਂ ਡਰਾਈਵਰ ਨਾਲ ਦੋ ਲੋਕਾਂ ਨੂੰ ਹੀ ਸਫਰ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਨਿਯਮ ਤਹਿਤ ਡਰਾਈਵਰ ਦੇ ਨਾਲ ਸੀਟ ‘ਤੇ ਕਿਸੇ ਨੂੰ ਵੀ ਬੈਠਣ ਦੀ ਮਨਾਹੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਿਨੀਂ ਪੈਟਰੋਲ-ਡੀਜ਼ਲ ਦੇ ਰੇਟ ਵਧਣ ਕਾਰਨ ਬੱਸ ਆਪ੍ਰੇਟਰਾਂ ਵਲੋਂ 50 ਫੀਸਦੀ ਸਵਾਰੀਆਂ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਦੇਣ ਕਾਰਨ ਸੂਬੇ ਵਿਚ ਬੱਸਾਂ ਵਿਚ ਪੂਰੀਆਂ ਸੀਟਾਂ ਭਰਨ ਦੀ ਛੋਟ ਦੇ ਦਿੱਤੀ ਸੀ। ਇਸ ਛੋਟ ਦੇ ਨਾਲ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਸਾਰੀਆਂ ਸਵਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗੀ।
ਕੈਪਟਨ ਵਲੋਂ ਜਨਤਕ ਬੱਸਾਂ ਤੋਂ ਇਲਾਵਾ ਹੁਣ ਨਿੱਜੀ ਕਾਰ-ਜੀਪ ਵਿਚ ਵੀ ਸਫਰ ਦੀਆਂ ਸ਼ਰਤਾਂ ਦੌਰਾਨ ਢਿੱਲ ਦਿੱਤੀ ਗਈ ਹੈ। ਨਾਲ ਹੀ ਕਾਰ-ਜੀਪ ਵਿਚ ਸਫਰ ਦੌਰਾਨ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੈ। ਇਸ ਢਿੱਲ ਨਾਲ ਕਿਸੇ ਵੀ ਪਰਿਵਾਰ ਲਈ ਰਾਹਤ ਭਰੀ ਗੱਲ ਇਹ ਹੋਵੇਗੀ ਕਿ ਉਹ ਕਾਰ-ਜੀਪ ਵਿਚ ਸੀਟਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰ ਸਕਣਗੇ।