Kartarpur corridor closed by : ਭਾਰਤ-ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ‘ਚ ਬਣੇ ਯਾਤਰੀ ਟਰਮੀਨਲ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਰਸਤੇ ਨੂੰ ਬਰਸਾਤੀ ਮੌਸਮ ਨੂੰ ਧਿਆਨ ਵਿਚ ਰਖਦੇ ਹੋਏ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੈਂਡਪੋਰਟ ਅਥਾਰਿਟੀ ਨੇ ਮੀਂਹ ਦੌਰਾਨ ਰਾਵੀ ਦਰਿਆ ਦਾ ਪੱਧਰ ਜ਼ਿਆਦਾ ਵਧਣ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਪਾਣੀ ਯਾਤਰੀ ਟਰਮੀਨਲ ਵਿਚ ਦਾਖਲ ਹੋ ਸਕਦਾ ਹੈ, ਜਿਸ ਦੇ ਚੱਲਦਿਆਂ ਇਸ ਰਸਤੇ ’ਤੇ ਮਿੱਟੀ ਤੇ ਰੇਤ ਦੀਆਂ ਭਰੀਆਂ ਬੋਰੀਆਂ ਰਖ ਕੇ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਮੌਨਸੂਨ ਦੌਰਾਨ ਰਾਵੀ ਦਾ ਪਾਣੀ ਧੁੱਸੀ ਬੰਨ੍ਹ ਤੇ ਜ਼ੀਰੋ ਲਾਈਨ ‘ਤੇ ਲੱਗੀ ਕੰਡਿਆਲੀ ਤਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਯਾਤਰੀ ਟਰਮੀਨਲ ਤੋਂ ਜ਼ੀਰੋ ਲਾਈਨ ਤਕ ਜਾਣ ਵਾਲੇ ਅਸਥਾਈ ਰਾਹ ਨੂੰ ਬਰਸਾਤ ਦੇ ਕਾਰਨ ਬੋਰੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਮਾਰਚ ਮਹੀਨੇ ਤੋਂ ਬੰਦ ਕੀਤਾ ਗਿਆ ਸੀ ਪਰ ਪਿਛਲੇ ਦਿਨੀਂ 29 ਜੂਨ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੇਸ਼ੀ ਨੇ ਲਾਂਘੇ ਨੂੰ ਖੋਲਣ ਲਈ ਕਿਹਾ ਸੀ, ਜਦਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।