Single mobile number on 150 : ਚੰਡੀਗੜ੍ਹ : ਪੰਜਾਬ ਵਿਚ ਕੰਸਟਰੱਕਸ਼ਨ ਲੇਬਰ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਫਰਜ਼ੀਵਾੜਾ ਸਾਹਮਣੇ ਆਇਆ ਹੈ, ਜਿਥੇ ਪਿਛਲੇ ਦੋ ਮਹੀਨਿਆਂ ਵਿਚ 150 ਅਰਜ਼ੀਆਂ ਅਜਿਹੀਆਂ ਮਿਲੀਆਂ ਹਨ, ਜਿਨ੍ਹਾਂ ਵਿਚ ਇਕ ਹੀ ਮੋਬਾਈਲ ਨੰਬਰ ਹੈ। ਇਹ ਗੱਲ ਸਾਹਮਣੇ ਆਉਣ ’ਤੇ ਵਿਭਾਗ ਵੱਲੋਂ ਇਨ੍ਹਾਂ ਅਰਜ਼ੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਇਜਾਜ਼ਤ ਮੰਗੀ ਹੈ।
ਫਰਜ਼ੀਵਾੜਾ ਸਾਹਮਣੇ ਆਉਣ ਤੋਂ ਬਾਅਦ ਕਿਰਤ ਵਿਭਾਗ ਦੇ ਐਡਿਸ਼ਨਲ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਰਜਿਸਟ੍ਰੇਸ਼ਨ ਦਾ ਕੰਮ ਕਰਨ ਦੇ ਨਾਲ ਹੀ ਕਾਮਨ ਸਰਵਿਸ ਸੈਂਟਰ ਨੂੰ ਵੀ ਬੰਦ ਕਰ ਦਿੱਤਾ ਹੈ। ਜ਼ਿਲਾ ਵਿਚ ਇਸੇ ਸੈਂਟਰ ’ਤੇ ਰਜਿਸਟ੍ਰੇਸ਼ਨ ਲਈ ਫਾਰਮ ਲਏ ਜਾਂਦੇ ਸਨ। ਹਾਲਾਂਕਿ ਲੇਬਰ ਦੇ ਰਜਿਸਟ੍ਰੇਸ਼ਨ ਦੇ ਸਮੇਂ ਵਿਭਾਗ ਵੱਲੋਂ ਆਧਾਰ ਕਾਰਡ ਤੇ ਪਛਾਣ ਪੱਤਰ ਲਏ ਜਾਂਦੇ ਹਨ, ਪਰ 150 ਅਰਜ਼ੀਆਂ ’ਤੇ ਇਕ ਹੀ ਮੋਬਾਈਲ ਨੰਬਰ ਹੋਣ ਨਾਲ ਵਿਭਾਗ ਵੱਲੋਂ ਕਿਸੇ ਗੋਲਮਾਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਬਾਰੇ ਜੰਜੁਆ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਵੱਲੋਂ ਕਾਮਿਆਂ ਦੇ ਬੈਂਕ ਖਾਤਿਆਂ ਵਿਚ ਪੈਸੇ ਪਾਉਣ ਦੇ ਐਲਾਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਪੈਸੇ ਲੈ ਕੇ ਕੰਸਟਰੱਕਸ਼ਨ ਲੇਬਰ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਫਾਰਮ ਭਰਵਾਏ ਗਏ ਸਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੌਰਾਨ ਰਜਿਸਟਰਡ ਕਾਮਿਆਂ ਦੇ ਖਾਤੇ ਵਿਚ ਤਿੰਨ-ਤਿੰਨ ਰੁਪਏ ਦੋ ਵਾਰ ਪਾਏ ਸਨ। ਇਸ ਨੂੰ ਦੇਖਦੇ ਹੋਏ ਕੰਸਟਰੱਕਸ਼ਨ ਲੇਬਰ ਅਧੀਨ ਰਜਿਸਟ੍ਰੇਸ਼ਨ ਲਈ ਪਹਿਲੇ ਦੋ ਮਹੀਨਿਆਂ ਵਿਚ 70 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ, ਜੋਕਿ ਪਹਿਲਾਂ ਕਦੇ ਨਹੀਂ ਹੋਇਆ, ਜਿਨ੍ਹਾਂ ਵਿਚੋਂ 150 ਵਿਚ ਇਕੋ ਹੀ ਮੋਬਾਈਲ ਨੰਬਰ ਭਰਿਆ ਹੈ। ਲੋਕੀ ਸਰਕਾਰ ਤੋਂ ਪੈਸੇ ਮਿਲਣ ਦੇ ਲਾਲਚ ਵਿਚ ਰਜਿਸਟ੍ਰੇਸ਼ਨ ਕਰਵਾਉਣ ਲੱਗੇ ਹਨ। ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਕਾਮਿਆਂ ਦੇ ਖਾਤਿਆਂ ਵਿਚ ਪਾਉਣ ਲਈ ਹੁਣ ਤੱਕ 175 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਹੁਣ ਤੱਕ ਪੰਜਾਬ ਵਿਚ 3.30 ਲੱਖ ਕੰਸਟਰੱਕਸ਼ਨ ਲੇਬਰ ਰਜਿਸਟਰਡ ਹੈ।