Punjab Govt Committed To : ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਮੁਹੱਈਆ ਕਰਨ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 18 ਨਵੇਂ ਭਰਤੀ ਕੀਤੇ ਫੂਡ ਸੇਫਟੀ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਇਸ ਸਮੇਂ ਸਿਰਫ 29 ਫੂਡ ਸੇਫਟੀ ਅਫਸਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਖੁਰਾਕ ਸਪਲਾਇਰ ਦੀ ਨਿਗਰਾਨੀ ਲਈ ਅਧਿਕਾਰੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ, ਜਿਸ ਦੇ ਚੱਲਦਿਆਂ ਵਿਭਾਗ ਵੱਲੋਂ 24 ਹੋਰ ਫੂਡ ਸੇਫਟੀ ਅਧਿਕਾਰੀ ਭਰਤੀ ਕੀਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਅੱਜ 18 ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ ਅਤੇ ਉਨ੍ਹਾਂ ਨੂੰ ਪਾਰਦਰਸ਼ਿਤਾ ਨਾਲ ਕੰਮ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੂੰ ਫੂਡ ਬਿਜ਼ਨੈੱਸ ਓਪਰੇਟਰਾਂ (ਐਫ.ਬੀ.ਓ.) ਨੂੰ ਲੋਕਾਂ ਤੱਕ ਸੁਰੱਖਿਅਤ ਭੋਜਨ ਦੀ ਵੰਡ ਬਾਰੇ ਸੰਵੇਦਨਸ਼ੀਲ ਕਰਨ ਅਤੇ ਉਨ੍ਹਾਂ ਐਫ.ਬੀ.ਓਜ਼ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਕੰਮ ਸੌਂਪਿਆ ਗਿਆ ਹੈ ਜੋ ਅਸੁਰੱਖਿਅਤ ਅਤੇ ਘਟੀਆ ਖਾਣ ਪੀਣ ਵਾਲੀਆਂ ਵਸਤਾਂ ਵਿਚ ਸ਼ਾਮਲ ਹਨ।
ਸਿਹਤ ਵਿਭਾਗ ਦਾ ਫੂਡ ਸੇਫਟੀ ਵਿੰਗ ਰੋਜ਼ਾਨਾ ਦੇ ਅਧਾਰ ‘ਤੇ ਛਾਪੇਮਾਰੀ ਅਤੇ ਨਿਰੀਖਣ ਕਰ ਰਿਹਾ ਹੈ ਜਿਸ ਤਹਿਤ ਪਿਛਲੇ ਸਾਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਦੀ ਅਦਾਲਤ ਵਿਚ ਡਿਫਾਲਟਰਾਂ ਖਿਲਾਫ ਮੁਕੱਦਮਾ ਚਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਪਿਛਲੇ ਇਕ ਸਾਲ ਦੌਰਾਨ 13 ਵਿਅਕਤੀਆਂ ਨੂੰ 6 ਮਹੀਨੇ ਤੱਕ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਅਤੇ 2162 ਫੂਡ ਬਿਜ਼ਨਸ ਓਪਰੇਟਰਾਂ ਦੇ ਨੂੰ ਬੇਨਿਯਮੀਆਂ ਖਿਲਾਫ 3.30 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ।