Changes to the online test : ਚੰਡੀਗੜ੍ਹ : ਕੋਵਿਡ-19 ਦੇ ਚੱਲਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਦੋ ਮਹੀਨੇ ਦਾ ਮੁਲਾਂਕਣ ਕਰਨ ਲਈ ਆਨਲਾਈਨ ਟੈਸਟ ਵਾਸਤੇ ਡੇਟਸ਼ੀਟ ਜਾਰੀ ਕੀਤੀ ਗਈ ਸੀ, ਜਿਸ ਵਿਚ ਕੁਝ ਤਬਦੀਲੀ ਕੀਤੀ ਗਈ ਹੈ। ਇਹ ਪ੍ਰੀਖਿਆਵਾਂ ਹੁਣ 6 ਜੁਲਾਈ 2020 ਦੀ ਥਾਂ 13 ਜੁਲਾਈ ਨੂੰ ਸ਼ੁਰੂ ਹੋ ਕੇ 18 ਜੁਲਾਈ ਨੂੰ ਖਤਮ ਹੋਣਗੇ। ਇਹ ਤਬਦੀਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਰਗਰਮੀਆਂ ਦੇ ਮੱਦੇਨਜ਼ਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 6ਵੀਂ ਤੋਂ 12ਵੀਂ ਦਾ ਅਪ੍ਰੈਲ ਤੋਂ ਮਈ ਤੱਕ ਦਾ ਦੋ-ਮਾਸਕ ਸਿਲੇਬਸ ਟੀ.ਵੀ.ਚੈਨਲਾਂ/ਜ਼ੂਮ ਕਲਾਸਾਂ/ਪੀ.ਡੀ.ਐਫ. ਅਸਾਈਨਮੈਂਟਾਂ ਰਾਹੀਂ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਆਨਲਾਈਨ ਟੈਸਟ ਵਿਚ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨ ਲਾਈਨ ਲਿਆ ਜਾਵੇਗਾ। ਇਸ ਸਬੰਧੀ ਪ੍ਰਸ਼ਨ ਪੱਤਰ ਹੈਡ ਆਫਿਸ ਰਾਹੀਂ ਤਿਆਰ ਕਰਕੇ ਆਨ ਲਾਈਨ ਭੇਜੇ ਜਾਣਗੇ।
ਇਨ੍ਹਾਂ ਟੈਸਟਾਂ ਵਿਚ 20 ਅੰਕਾਂ ਦੇ ਟੈਸਟ ਵਿੱਚ ਅਬਜੈਕਟਿਵ ਅਤੇ ਸਬਜੈਕਟਿਵ ਦੋਵਾਂ ਤਰ੍ਹਾਂ ਦੇ ਸਵਾਲ ਹੋਣਗੇ। ਵਿਦਿਆਰਥੀਆਂ ਦੇ ਇਹ ਟੈਸਟ ਚੈਕ ਕਰਨ ਲਈ ਸਮੂਹ ਵਿਸ਼ਾ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਿਸ਼ਾ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ। ਦੱਸਣਯੋਗ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਦਕਿ 11ਵੀਂ ਅਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਨਗੇ ਅਤੇ ਆਨ ਲਾਈਨ ਪੇਪਰ ਲੈਣਗੇ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਦਿੱਤੀ ਗਈ।