Arvind Kejriwal Press Conference: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੋਮਵਾਰ ਨੂੰ ਰਾਜਧਾਨੀ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ ਇੱਕ ਲੱਖ ਨੂੰ ਪਾਰ ਕਰ ਜਾਵੇਗਾ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ, ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਸੌ ਵਿੱਚੋਂ 35 ਵਿਅਕਤੀ ਕੋਰੋਨਾ ਦੇ ਮਰੀਜ਼ ਹੁੰਦੇ ਸਨ, ਹੁਣ ਸਿਰਫ 11 ਲੋਕ ਮਰੀਜ਼ ਹਨ । ਹੁਣ ਹਰ ਰੋਜ਼ ਦਿੱਲੀ ਵਿਚ 20 ਤੋਂ 24 ਹਜ਼ਾਰ ਦੇ ਵਿਚਕਾਰ ਟੈਸਟ ਕੀਤੇ ਜਾ ਰਹੇ ਹਨ । ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਇਸ ਸਮੇਂ ਪਲਾਜ਼ਮਾ ਦਾਨ ਨਹੀਂ ਕਰ ਰਹੇ ਹਨ, ਇਸ ਲਈ ਅਸੀਂ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਬੇਨਤੀ ਕਰਦੇ ਹਾਂ । ਇਸ ਵਿੱਚ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਸਰਕਾਰ ਵੱਲੋਂ ਪਲਾਜ਼ਮਾ ਦਾਨ ਕਰਨ ਲਈ ਬੁਲਾਇਆ ਜਾ ਰਿਹਾ ਹੈ, ਤੁਹਾਨੂੰ ਦਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਪਲਾਜ਼ਮਾ ਦਿੱਤਾ ਹੈ, ਮੈਂ ਖੁਦ ਲੋਕਾਂ ਨਾਲ ਗੱਲ ਕੀਤੀ ਹੈ ਅਤੇ ਲੋਕ ਪਲਾਜ਼ਮਾ ਦਾਨ ਕਰਨ ਲਈ ਤਿਆਰ ਹਨ । ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੇ ਇਸ ਦੀ ਫੋਨ ਰਿਕਾਰਡਿੰਗ ਵੀ ਸੁਣਵਾਈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਪਲਾਜ਼ਮਾ ਦਾਨ ਕਰ ਰਹੇ ਹਨ, RWA ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਦਿੱਲੀ ਦੇ ਸੀ.ਐੱਮ ਨੇ ਕਿਹਾ ਕਿ ਹੁਣ ਲੋਕਾਂ ਨੂੰ ਰਾਜਧਾਨੀ ਵਿੱਚ ਆਸਾਨੀ ਨਾਲ ਬੈੱਡ ਮਿਲ ਰਹੇ ਹਨ ਅਤੇ ਟੈਸਟ ਕਰਨ ਦੀ ਵੀ ਕੋਈ ਸਮੱਸਿਆ ਨਹੀਂ ਹੈ । ਅੱਜ ਦਿੱਲੀ ਵਿੱਚ ਕਰੀਬ 25 ਹਜ਼ਾਰ ਮਰੀਜ਼ ਹਨ, ਜਿਨ੍ਹਾਂ ਵਿੱਚੋਂ 15 ਹਜ਼ਾਰ ਦਾ ਘਰ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਤੋਂ ਅੱਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਆਕਸੀਮੀਟਰ ਪਹੁੰਚਾਏ ਜਾ ਰਹੇ ਹਨ, ਅੱਜ ਦਿੱਲੀ ਵਿੱਚ 55-60 ਮੌਤਾਂ ਹੋ ਰਹੀਆਂ ਹਨ, ਪਰ ਇਹ ਗਿਣਤੀ ਅੱਧੀ ਰਹਿ ਗਈ ਹੈ । ਦਿੱਲੀ ਦੇ ਸੀ.ਐੱਮ ਨੇ ਕਿਹਾ ਕਿ ਜਦ ਤੱਕ ਕੋਰੋਨਾ ਟੀਕਾ ਉਪਲਬਧ ਨਹੀਂ ਹੁੰਦਾ, ਇਸ ਦਾ ਇਲਾਜ ਨਹੀਂ ਹੈ । ਉਨ੍ਹਾਂ ਕਿਹਾ ਕਿ ਪਲਾਜ਼ਮਾ ਨਾਲ ਕੋਰੋਨਾ ਦੇ ਮਰੀਜ਼ਾਂ ਨੂੰ ਮਦਦ ਮਿਲਦੀ ਹੈ, ਦੇਸ਼ ਵਿੱਚ ਪਹਿਲਾ ਪਲਾਜ਼ਮਾ ਬੈਂਕ ਦਿੱਲੀ ਵਿੱਚ ਬਣਾਇਆ ਗਿਆ ਸੀ । ਹੁਣ ਦਿੱਲੀ ਵਿੱਚ ਕੋਈ ਅਫਰਾਤਫਰੀ ਨਹੀਂ ਹੈ।