Due to lack of : ਬਠਿੰਡਾ : ਰਾਮਪੁਰਾ ਨਿਵਾਸੀ ਬਜ਼ੁਰਗ ਮਹਿਲਾ ਸਤਿਆ ਦੇਵੀ ਨੇ ਡੀ. ਸੀ. ਬੀ. ਸ਼੍ਰੀਨਿਵਾਸਨ ਅਤੇ SSP ਨਾਨਕ ਸਿੰਘ ਤੋਂ ਇਨਸਾਫ ਨਾ ਮਿਲਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇੱਛਾ ਮੌਤ ਮੰਗੀ ਹੈ। ਪੀ. ਐੱਮ. ਨੂੰ. ਭੇਜੇ ਪੱਤਰ ਵਿਚ ਉਨ੍ਹਾਂ ਨੇ ਦੱਸਿਆ ਕਿ ਰਾਮਪੁਰਾ ਵਿਚ ਉਨ੍ਹਾਂ ਦਾ ਪੁਸ਼ਤੈਨੀ ਘਰ ਹੈ ਜਿਸ ਦੇ ਗੁਆਂਢ ਵਿਚ ਸੁਭਾਸ਼ ਚੰਦਰ ਦੀ 45 ਗਜ਼ ਜਗ੍ਹਾ ਵੀ ਲੱਗਦੀ ਹੈ। ਔਰਤ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਵਿਚ ਆਪਣੇ ਮੁੰਡਿਆਂ ਕੋਲ ਗਈ ਤਾਂ ਸੁਭਾਸ਼ ਚੰਦਰ ਨੇ ਆਪਣੀ ਮਲਕੀਅਤ ਵਾਸੀ 46 ਗਜ਼ ਥਾਂ ਸਮੇਤ ਉਨ੍ਹਾਂ ਦੇ ਘਰ ਦੀ 50 ਗਜ਼ ਜਗ੍ਹਾ ਵੀ ਫਰਜ਼ੀ ਤਰੀਕੇ ਨਾਲ ਚਾਊਕੇ ਜਵੈਲਰ ਦੇ ਮਨਜੀਤ ਸਿੰਘ ਨੂੰ ਵੇਚ ਦਿੱਤੀ। ਸੁਭਾਸ਼ ਨੇ ਮਨਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਦੇ ਨਾਂ ‘ਤੇ ਫਰਜ਼ੀ ਦੋ ਰਜਿਸਟਰੀਆਂ ਵੀ ਕਰਵਾਈਆਂ।
ਉਕਤ ਔਰਤ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਤਾਂ ਉਹ ਆਪਣੇ ਲੜਕੇ ਵਿਕਾਸ ਦੇ ਨਾਲ ਭਾਰਤ ਆਪਣੇ ਘਰ ਰਾਮਪੁਰਾ ਪਹੁੰਚੀ। ਉਥੇ ਦੇਖਿਆ ਕਿ ਮਨਜੀਤ ਸਿੰਘ ਉਸ ਦੇ ਘਰ ਦੇ ਹਿੱਸੇ ਵਾਲੀ ਜਗ੍ਹਾ ‘ਤੇ ਮਜ਼ਦੂਰ ਲਗਾ ਕੇ ਕਬਜ਼ਾ ਕਰ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਉਸ ਨੇ ਉਸੇ ਸਮੇਂ ਥਾਣਾ ਰਾਮਪੁਰਾ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਉਹ ਆਪਣੇ ਲੜਕੇ ਵਿਕਾਸ ਨੂੰ ਲੈ ਕੇ SSP ਨਾਨਕ ਸਿੰਘ ਕੋਲ ਲਿਖਤ ਸ਼ਿਕਾਇਤ ਲੈ ਕੇ ਪੁੱਜੀ ਪਰ ਫਿਰ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਮਹਿਲਾ ਨੇ ਦੱਸਿਆ ਕਿ ਐੱਸ. ਐੱਸ. ਪੀ. ਵਲੋਂ ਕੁਝ ਕਾਰਵਾਈ ਕਰਨ ਦੀ ਥਾਂ ‘ਤੇ ਉਨ੍ਹਾਂ ਨਾਲ ਹੀ ਗਲਤ ਵਿਵਹਾਰ ਕੀਤਾ ਗਿਆ।
ਰਾਮਪੁਰਾ ਦੇ ਡੀ. ਐੱਸ. ਪੀ. ਜਸਵੀਰ ਸਿੰਘ ਨੇ ਸ਼ਿਕਾਇਤ ‘ਤੇ ਜਾਂਚ ਕਰਨ ਦੀ ਬਜਾਏ ਵਿਰੋਧੀ ਪੱਖ ਦੇ ਹੱਕ ਵਿਚ ਝੂਠੀ ਜਾਂਚ ਰਿਪੋਰਟ ਬਣਾ ਦਿੱਤੀ ਅਤੇ ਖੁਦ ਡੀ. ਐੱਸ. ਪੀ. ਨੇ ਆਪਣੀ ਰਿਪੋਰਟ ਵਿਚ ਲਿਖ ਦਿਤਾ ਕਿ ਸਤਿਆ ਦੇਵੀ ਨੂੰ ਜਗ੍ਹਾ ਨੂੰ ਲੈ ਕੇ ਵਿਰੋਧੀ ਪੱਖ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਜਦੋਂ ਕਿ ਉਸ ਦਾ ਕੋਈ ਕੇਸ ਨਹੀਂ ਚੱਲ ਰਿਹਾ। ਫਿਰ ਤੰਗ ਆ ਕੇ ਬਜ਼ੁਰਗ ਮਹਿਲਾ ਨੇ ਆਪਣੀ ਚਿੱਠੀ ਵਿਚ PM ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਉਸ ਨੂੰ ਸਵੈ-ਇੱਛਾ ਮੌਤ ਦੀ ਮਨਜ਼ੂਰੀ ਦਿੱਤੀ ਜਾਵੇ। ਦੂਜੇ ਪਾਸੇ ਡੀ. ਐੱਸ. ਪੀ. ਜਸਵੀਰ ਸਿੰਘ ਤੇ ਐੱਸ. ਐੱਸ. ਪੀ. ਨਾਨਕ ਨੇ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਗਲਤ ਤੇ ਨਿਰਾਧਾਰ ਹਨ।