Online exam suspended : ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਆਫੀਸ਼ੀਅਲ ਸਾਈਟ ਹੈਕ ਹੋ ਜਾਣ ਕਾਰਨ ਆਨਲਾਈਨ ਪ੍ਰੀਖਿਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕੇਂਦਰੀ ਯੂਨੀਵਰਿਸਟੀ ਦੇ ਕੁਲਪਤੀ ਡਾ. ਆਰ. ਕੇ. ਕੋਹਲੀ ਨੇ ਕੀਤੀ। ਯੂਨੀਵਰਸਿਟੀ ਨੂੰ ਆਪਣੀ ਹਾਈਟੈਕ ਤਕਨੀਕ ‘ਤੇ ਮਾਣ ਸੀ ਪਰ ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੈਠੇ ਟੀਚਰਾਂ ਨੂੰ ਪਾਸਵਰਡ ਦਿੱਤਾ ਗਿਆ ਤਾਂ ਇਸ ਵਿਚ ਗੜਬੜ ਹੋ ਗਈ। ਤੇ ਕਿਸੇ ਵਿਦਿਆਰਥੀ ਨੂੰ ਇਸ ਦਾ ਪਾਸਵਰਡ ਦੇ ਦਿਤਾ ਗਿਆ ਤੇ ਉਸ ਨੇ ਸਾਈਟ ਨੂੰ ਹੈਕ ਕਰ ਲਿਆ। ਯੂਨੀਵਰਸਿਟੀ ਪ੍ਰਬੰਧਨ ਨੇ ਮਾਮਲੇ ਦੀ ਜਾਂਚ ਕਰਨ ਲਈ ਬਠਿੰਡਾ ਦੇ ਐੱਸ. ਐੱਸ. ਪੀ. ਡਾ. ਨਾਨਕ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
ਯੂਨੀਵਰਿਸਟੀ ਵਲੋਂ ਆਨਲਾਈਨ ਸ਼ੁਰੂ ਕੀਤੀ ਗਈ ਪ੍ਰੀਖਿਆ ਅਜੇ 6 ਜੁਲਾਈ ਤੋਂ ਸ਼ੁਰੂ ਕੀਤੀ ਜਾਣੀ ਸੀ। 17 ਅਗਸਤ ਤਕ ਵਿਦਿਆਰਥੀਆਂ ਦੀ ਆਨਲਾਈਨ ਪ੍ਰੀਖਿਆ ਲਈ ਜਾਣੀ ਸੀ। ਕੇਂਦਰੀ ਯੂਨੀਵਰਸਿਟੀ ਦੇ ਫਆਈਨਲ ਈਅਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਅਜੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ। ਯੂਨੀਵਰਸਿਟੀ ਪ੍ਰਬੰਧਨ ਵਲੋਂ ਪਹਿਲਾਂ ਹਿਊਮਨਿਟੀਜ਼ ਦੀ ਪ੍ਰੀਖਿਆ ਸ਼ੁਰੂ ਕੀਤੀ ਗਈ ਸੀ। ਸਾਇੰਸ ਦੀ ਪ੍ਰੀਖਿਆ ਵੀ ਕੁਝ ਦਿਨ ਬਾਅਦ ਹੋਣ ਸੀ ਜਿਹੜੀ ਕਿ 17 ਅਗਸਤ ਤਕ ਚੱਲਣੀ ਸੀ ਪਰ ਇਸ ਤੋਂ ਪਹਿਲਾਂ ਹੀ ਸਾਈਟ ਹੈਕ ਕਰ ਦਿੱਤੀ ਗਈ।
ਸਾਈਟ ਹੈਕ ਹੋਣ ਤੇ ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਵਾਰ ਵਿਦਿਆਰਥੀਆਂ ਨੂੰ ਆਪਸ਼ਨ ਦਿਤੀ ਗਈ ਸੀ ਕਿ ਉਹ ਕਿਹੜੀ ਪ੍ਰੀਖਿਆ ਕਿਸ ਦਿਨ ਦੇਣਾ ਚਾਹੁੰਦਾ ਹੈ ਤਾਂ ਕੁਝ ਵਿਦਿਆਰਥੀਆਂ ਨੇ ਹਿਸਟਰੀ ਦੀ ਪ੍ਰੀਖਿਆ ਦਿੱਤੀ ਤੇ ਕੁਝ ਨੇ ਅੰਗਰੇਜ਼ੀ ਦੀ। ਅਜੇ ਸਾਇੰਸ ਸਟ੍ਰੀਮ ਦੇ ਵਿਸ਼ੇ ਕੈਮਿਸਟ੍ਰੀ, ਫਿਜ਼ੀਕਸ, ਮੈਥ, ਜਿਓਲਾਜੀ ਆਦਿ ਦੀਆਂ ਪ੍ਰੀਖਿਆਵਾਂ ਹੋਣੀਆਂ ਸਨ। ਇਸ ਤੋਂ ਪਹਿਲਾਂ ਵੀ 2019 ਵਿਚ ਜੰਮੂ ਦੀ ਕੇਂਦਰੀ ਯੂਨੀਵਰਸਿਟੀ ਦੀ ਸਾਈਟ ਹੈਕ ਹੋ ਗਈ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਜਾਂਚ ਲਈ ਡਿਊਟੀ ਲਗਾ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ।