ਕੋਈ ਵੀ ਵਿਭਾਗ ਅਜਿਹਾ ਨਹੀਂ ਹੈ ਜਿਹੜਾ ਕੋਰੋਨਾ ਤੋਂ ਅਛੂਤਾ ਰਹਿ ਗਿਆ ਹੋਵੇ। ਨਗਰ ਨਿਗਮ ਜਲੰਧਰ ਵਿਚ ਵੀ ਅਧਿਕਾਰੀਆਂ ਅਤੇ ਸਟਾਫ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਧਿਕਾਰੀਆਂ ਵਲੋਂ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਇਸੇ ਅਧੀਨ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਵਲੋਂ ਪਬਲਿਕ ਡੀਲਿੰਗ ਸਿਸਟਮ ਵਿਚ ਤਬਦੀਲੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕੀਤਾ ਜਾ ਸਕੇ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਨਿਗਮ ਦਾ ਥੋੜ੍ਹਾ ਸਟਾਫ ਹੁਣ ਡਿਊਟੀ ‘ਤੇ ਬੁਲਾਇਆ ਜਾਵੇਗਾ ਤੇ ਰੋਟੇਸ਼ਨ ਸਿਸਟਮ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਨਗਰ ਨਿਗਮ ਵਿਚ ਕੋਰੋਨਾ ਤੋਂ ਬਚਾਅ ਲਈ ਐਂਟਰੀ ਲਈ ਗੇਟ ਵੀ ਖੋਲ੍ਹਿਆ ਜਾਵੇਗਾ ਅਤੇ ਆਉਣ ਵਾਲੇ ਹਰ ਇਕ ਵਿਅਕਤੀ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਸੈਨੇਟਾਈਜੇਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਨਗਰ ਨਿਗਮ ਵਿਚ ਹੋਣ ਵਾਲੀਆਂ ਬੈਠਕਾਂ ਵੀ ਹੌਲੀ-ਹੌਲੀ ਘੱਟ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਵ੍ਹਟਸਐਪ ਗਰੁੱਪਾਂ ਆਦਿ ਰਾਹੀਂ ਲੋਕਾਂ ਤੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਪੰਜਾਬ ਦੇ ਬਹੁਤ ਸਾਰੇ ਪੀ. ਸੀ. ਐੱਸ. ਅਧਿਕਾਰੀਆਂ, ਆਈ. ਏ. ਐੱਸ. ਅਧਿਕਾਰੀ ਤੇ ਉਚ ਪੁਲਿਸ ਅਧਿਕਾਰੀ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ ਇਸ ਲਈ ਹੁਣ ਸਾਰੇ ਸਰਕਾਰੀ ਦਫਤਰਾਂ ਵਿਚ ਖਾਸ ਐਡਵਾਈਜਰੀ ਜਾਰੀ ਕੀਤੀ ਗਈ ਹੈ।
ਨਗਰ ਨਿਗਮ ਜਲੰਧਰ ਵਿਖੇ ਪਬਲਿਕ ਡੀਲਿੰਗ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਦਫਤਰ ਵਿਖੇ ਐਂਟਰੀ ਗੇਟ ‘ਤੇ 3-4 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਨਗਰ ਨਿਗਮ ਜਲੰਧਰ ਵਿਖੇ ਲਾਪ੍ਰਵਾਹੀ ਕਾਰਨ ਹੀ ਇਥੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ।