After the Modikhana : ਅੱਜ ਦੇ ਸਮੇਂ ਵਿਚ ਜਿਥੇ ਪ੍ਰਾਈਵੇਟ ਹਸਪਤਾਲਾਂ ਵਿਚ ਟੈਸਟ ਬਹੁਤ ਮਹਿੰਗੇ ਰੇਟਾਂ ‘ਤੇ ਕੀਤੇ ਜਾਂਦੇ ਹਨ ਉਥੇ ਦੂਜੇ ਪਾਸੇ ਅੱਜ ਦੇ ਸਮੇਂ ਵਿਚ ਬਹੁਤ ਸਾਰੀਆਂ ਸੰਸਥਾਵਾਂ ਜਾਂ ਸੈਂਟਰ ਅਜਿਹੇ ਹਨ ਜੋ No Profit No Loss ਨੂੰ ਸਾਹਮਣੇ ਰੱਖ ਕੇ ਮਿਸਾਲ ਪੇਸ਼ ਕਰ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ-22 ਵਿਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂਹਰਸਹਾਏ ਸੈਂਟਰ ਚਲਾਇਆ ਜਾ ਰਿਹਾ ਹੈ, ਜਿਥੇ ਬਹੁਤ ਸਸਤੇ ਰੇਟਾਂ ‘ਤੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਸੈਂਟਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਹਿੰਗੇ ਟੈਸਟਾਂ ਦੀ ਮਾਰ ਤੋਂ ਬਚਾਉਣਾ ਹੈ।
ਸੈਂਟਰ ਦੇ ਸੰਚਾਲਕ ਅੰਮ੍ਰਿਤ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਹੋਰਨਾਂ ਥਾਵਾਂ ‘ਤੇ ਜਿਹੜੇ ਟੈਸਟ ਹਜ਼ਾਰਾਂ ਰੁਪਏ ਵਿਚ ਹੁੰਦੇ ਹਨ ਉਥੇ ਦੂਜੇ ਪਾਸੇ ਚੰਡੀਗੜ੍ਹ ਦੇ ਇਸ ਸੈਂਟਰ ਵਿਖੇ ਇਹ ਮਹਿੰਗੇ ਟੈਸਟ ਬਹੁਤ ਸਸਤੇ ਰੇਟਾਂ ‘ਤੇ ਕੁਝ ਪੈਸੇ ਜਾਂ ਰੁਪਿਆਂ ਵਿਚ ਕੀਤੇ ਜਾ ਰਹੇ ਹਨ। ਸੈਂਟਰ ਦੀ ਆਪਣੀ ਐਂਬੂਲੈਂਸ ਹੈ ਜਿਸ ਦਾ ਖਰਚਾ ਖੁਦ ਸੰਸਥਾ ਵਲੋਂ ਚੁੱਕਿਆ ਜਾਂਦਾ ਹੈ ਤੇ ਕਿਸੇ ਨੂੰ ਐਂਬੂਲੈਂਸ ਦਾ ਖਰਚਾ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਅਲਟਰਾ ਸਾਊਂਡ ਦੀ ਸਹੂਲਤ ਵੀ ਇਥੇ ਉਪਲਬਧ ਹੈ ਅਤੇ ਇਹ ਸਿਰਫ 250 ਤੋਂ ਲੈ ਕੇ 300 ਰੁਪਏ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸੈਕਟਰਾਂ ਵਿਚ ਰੇਟ ਸਿਰਫ ਕਮਿਸ਼ਨਾਂ ਕਰਕੇ ਜ਼ਿਆਦਾ ਹੁੰਦੇ ਹਨ ਅਤੇ ਉਹ ਆਪਣੇ ਨਫੇ-ਨੁਕਸਾਨ ਨੂੰ ਪਹਿਲ ਦਿੰਦੇ ਹਨ।
ਇਸ ਸੈਂਟਰ ਵਿਚ ਪ੍ਰਾਈਵੇਟ ਸੈਕਟਰ ਦੀ ਤਰ੍ਹਾਂ ਲਗਭਗ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਪਰ ਇਸ ਸੈਂਟਰ ਵਿਚ ਲੋਕਾਂ ਤੋਂ ਸਿਰਫ ਜਾਇਜ਼ ਫੀਸ ਹੀ ਵਸੂਲੀ ਜਾ ਰਹੀ ਹੈ। ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਟੈਸਟ ਪ੍ਰਾਈਵੇਟ ਹਸਪਤਾਲਾਂ ਵਿਚ 1800 ਦੇ ਹੁੰਦੇ ਹਨ, ਉਹੀ ਟੈਸਟ ਉਨ੍ਹਾਂ ਦੇ ਸੈਂਟਰ ਵਿਚ ਸਿਰਫ 500 ਰੁਪਏ ਵਿਚ ਹੀ ਹੋ ਜਾਂਦੇ ਹਨ। 2006 ਵਿਚ ਲੈਬ ਸ਼ੁਰੂ ਕੀਤੀ ਗਈ ਸੀ, ਉਸ ਤੋਂ ਬਾਅਦ ਅਲਟਰਾ ਸਾਊਂਡ ਮਸ਼ੀਨ ਲਗਾਈ ਗਈ। ਇਸ ਤਰ੍ਹਾਂ ਹੌਲੀ-ਹੌਲੀ ਇਹ ਸੈਂਟਰ ਸਾਰੀਆਂ ਸਹੂਲਤਾਂ ਨਾਲ ਲੈਸ ਹੋ ਗਿਆ ਅਤੇ ਇਸ ਦਾ ਫਾਇਦਾ ਹੁਣ ਬਹੁਤ ਸਾਰੇ ਲੋਕਾਂ ਨੂੰ ਮਿਲ ਰਿਹਾ ਹੈ। ਅੱਜ ਦੇ ਯੁੱਗ ਵਿਚ ਵੀ ਅਜਿਹੀ ਸੰਸਥਾ ਦਾ ਹੋਣਾ ਲੋਕਾਂ ਲਈ ਸੱਚਮੁੱਚ ਵਰਦਾਨ ਹੈ।