Liquor contractors are : ਚੰਡੀਗੜ੍ਹ ਵਿਚ ਅਜੇ ਜਿਥੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਪਰ ਲੋਕਾਂ ਵਲੋਂ ਪ੍ਰਸ਼ਾਸਨਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਯੂ. ਟੀ. ਪ੍ਰਸ਼ਾਸਨ ਵੀ ਸ਼ਰਾਬ ਦੇ ਠੇਕਿਆਂ ‘ਤੇ ਕਾਫੀ ਮਿਹਰਬਾਨ ਹੈ। ਇੰਝ ਲੱਗਦਾ ਹੈ ਕਿ ਠੇਕਿਆਂ ਲਈ ਸ਼ਹਿਰ ਵਿਚ ਕੋਈ ਕਾਨੂੰਨ ਨਹੀਂ ਹੈ। ਇੰਡਸਟ੍ਰੀਅਲ ਏਰੀਆ ਵਿਚ ਇੰਡਸਟ੍ਰੀਅਲ ਸ਼ੈੱਡ ‘ਤੇ ਹੀ ਸ਼ਰਾਬ ਦਾ ਠੇਕਾ ਤੇ ਅਹਾਤਾ ਬਣਾ ਦਿੱਤਾ ਗਿਆ ਹੈ। ਇੰਡਸਟ੍ਰੀਅਲ ਏਰੀਆ ਫੇਜ ਵਨ ਵਿਚ ਫਰਨੀਚਰ ਦੀ ਇੰਡਸਟਰੀ ਲਈ ਅਲਾਟ ਸ਼ੈੱਡ ਵਿਚ ਹੀ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਇਹੀ ਨਹੀਂ ਇਸ ਠੇਕੇ ਨਾਲ ਸਿਰਫ 500 ਮੀਟਰ ਦੀ ਦੂਰੀ ‘ਤੇ ਹੀ ਹਾਈਵੇ ਹੈ।
ਹਰਿਆਣਾ ਦੇ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਪਰਿਦਾ, ਡੀ. ਸੀ. ਮਨਦੀਪ ਸਿੰਘ ਬਰਾੜ ਅਤੇ ਏ. ਈ. ਓ. ਮਨੀਸ਼ ਲੋਹਾ ਨੂੰ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ-1 ਵਿਚ ਪਲਾਟ ਨੰਬਰ 367 ਵਿਚ ਨਾਜਾਇਜ਼ ਤਰੀਕੇ ਨਾਲ ਖੋਲ੍ਹੇ ਗਏ ਸ਼ਰਾਬ ਦੇ ਠੇਕੇ ‘ਤੇ ਕਾਰਵਾਈ ਕਰਨ ਲਈ ਕਿਹਾ ਹੈ।
ਨਿਯਮਾਂ ਮੁਤਾਬਕ ਇੰਡਸਟਰੀਅਲ ਪਲਾਟ ‘ਤੇ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਪਰ ਇੰਡਸਟਰੀਅਲ ਏਰੀਆ ਫੇਜ-1 ਵਿਚ ਇੰਡਸਟਰੀਅਲ ਪਲਾਟ ਨੰਬਰ-367 ‘ਤੇ ਰਾਇਲ ਵਾਇਸ ਦੇ ਨਾਂ ਤੋਂ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਸ਼ਹਿਰ ਵਿਚ ਜੇਕਰ ਕੋਈ ਉਦਯੋਗਪਤੀ ਇੰਡਸਟਰੀਅਲ ਪਲਾਟ ‘ਤੇ ਕਮਰਸ਼ੀਅਲ ਐਕਟੀਵਿਟੀ ਕਰਦਾ ਹੈ ਤਾਂ ਉਸ ‘ਤੇ 500 ਰੁਪਏ ਪ੍ਰਤੀ ਸਕੁਏਰ ਦੇ ਹਿਸਾਬ ਨਾਲ ਜੁਰਮਾਨਾ ਲੱਗਦਾ ਹੈ। ਇਸ ਤੋਂ ਇਲਾਵਾ ਸਾਈਟ ਦੀ ਅਲਾਟਮੈਂਟ ਕੈਂਸਲ ਕੀਤੀ ਜਾਂਦੀ ਹੈ ਪਰ ਇੰਝ ਲੱਗਦਾ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਪ੍ਰਸ਼ਾਸਨ ਦੇ ਅਫਸਰਾਂ ਤੋਂ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ।