Ghanshyam Thori releases new : ਕੋਰੋਨਾ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਪੰਜਾਬ ਦਾ ਕੋਈ ਵੀ ਜਿਲ੍ਹਾ ਇਸ ਖਤਰਨਾਕ ਵਾਇਰਸ ਤੋਂ ਅਛੂਤਾ ਨਹੀਂ ਰਿਹਾ ਹੈ। ਜਿਲ੍ਹਾ ਜਲੰਧਰ ਵਿਖੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜੋ ਪ੍ਰਸ਼ਾਸਨ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਨਾਲ ਜਲੰਧਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕੰਟੇਨਮੈਂਟ ਜ਼ੋਨ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਨਵੀਂ ਲਿਸਟ ਜਾਰੀ ਕਰਨ ਦੇ ਨਾਲ-ਨਾਲ ਨਵੀਆਂ ਗਾਈਡਲਾਈਨਜ਼ ਵੀ ਬਣਾਈਆਂ ਗਈਆਂ ਹਨ।
ਜਿਲ੍ਹਾ ਜਲੰਧਰ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 1177 ਤਕ ਪੁੱਜ ਗਈ ਹੈ ਤੇ ਰੋਜ਼ਾਨਾ ਇਥੇ 30 ਤੋਂ ਵਧ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਖੌਫ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਤੋਂ 25 ਲੋਕ ਕੋਰੋਨਾ ਖਿਲਾਫ ਜੰਗ ਜਿੱਤ ਵੀ ਚੁੱਕੇ ਹਨ। ਡੀ. ਸੀ. ਵਲੋਂ ਜਲੰਧਰ ਦੇ ਕੁਝ ਇਲਾਕੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ ਜੋ ਕਿ ਪੂਰੀ ਤਰ੍ਹਾਂ ਤੋਂ ਸੀਲ ਰਹਿਣਗੇ ਤੇ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਹੀ ਇਨ੍ਹਾਂ ਖੇਤਰਾਂ ਵਿਚ ਤਬਦੀਲੀਆਂ ਕੀਤੀਆਂ ਜਾਣਗੀਆਂ।
ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਦਿਹਾਤੀ ਜ਼ੋਨ ਵਿਚੋਂ ਦਸ਼ਮੇਸ਼ ਨਗਰ, ਨੱਥਵਾਲ, ਅਰੋੜਾ ਮੁਹੱਲਾ ਭੋਗਪੁਰ, ਅਮਨ ਨਗਰ ਕਰਤਾਰਪੁਰ, ਰੋਜ਼ ਪਾਰਕ ਕਰਤਾਰਪੁਰ ਆਦਿ ਨੂੰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਅਰਬਨ ਜ਼ੋਨ ਵਿਚ ਸੰਜੇ ਗਾਂਧੀ ਨਗਰ ਅਤੇ ਉੱਚਾ ਸੁਰਾਜ ਗੰਜ, ਰਾਮ ਨਗਰ, ਠਾਕੁਰ ਨਗਰ, ਕਾਜ਼ੀ ਮੁਹੱਲਾ, ਕਟੜਾ ਮੁਹੱਲਾ ਬਸਤੀ ਬਾਵਾ ਖੇਲ, ਈਸਾ ਨਗਰ ਤੇ ਅਟਵਾਲ ਹਾਊਸ ਆਦਿ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ 5 ਤੋਂ 13 ਤਕ ਪਾਜੀਟਿਵ ਕੇਸ ਆ ਚੁੱਕੇ ਹਨ। ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ ਵਿਚ ਅਰਬਨ ਜ਼ੋਨ ‘ਚ ਫਹਿਤਪੁਰ ਅਤੇ ਮਖਦੂਮਪੁਰਾ ਹਨ ਤੇ ਇਥੇ 16 ਤੋਂ ਲੈ ਕੇ 30 ਤਕ ਪਾਜੀਟਿਵ ਕੇਸ ਆ ਚੁਕੇ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਇਨ੍ਹਾਂ ਕੰਟੇਨਮੈਂਟ ਜ਼ੋਨ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਤਬਦੀਲੀ ਕੀਤੀ ਜਾਵੇਗੀ।