240 Punjabis stranded : ਮਲੇਸ਼ੀਆ ਵਿਚ ਫਸੇ 240 ਪੰਜਾਬੀ ਸ਼ਨੀਵਾਰ ਨੂੰ ਵਿਸ਼ੇਸ਼ ਉਡਾਨ ਰਾਹੀਂ ਵਾਪਸ ਵਤਨ ਪਹੁੰਚੇ। ਇਹ ਸਾਰੇ ਮਲੇਸ਼ੀਆ ਵਿਚ ਨਾਜਾਇਜ਼ ਢੰਗ ਨਾਲ ਰਹਿਣ ਕਰਕੇ ਉਥੋਂ ਦੀਆਂ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਸਨ। ਇਹ ਸਾਰੇ ਨੌਜਵਾਨ ਟ੍ਰੈਵਲ ਏਜੰਟਾਂ ਦੀ ਗਲਤ ਨੀਤੀ ਦੇ ਹੱਥੇ ਚੜ੍ਹ ਗਏ। ਟ੍ਰੇਵਲ ਏਜੰਟਾਂ ਵਲੋਂ ਇਨ੍ਹਾਂ ਨੂੰ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਭੇਜਿਆ ਗਿਆ ਸੀ ਤੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਨ੍ਹਾਂ ਨੂੰ ਜਾਂਦੇ ਹੀ ਨੌਕਰੀ ਮਿਲ ਜਾਵੇਗੀ।
ਟੂਰਿਸਟ ਵੀਜ਼ਾ ਖਤਮ ਹੋਣ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਮਲੇਸ਼ੀਆ ਵਿਚ ਨਾਜਾਇਜ਼ ਢੰਗ ਨਾਲ ਰਹਿਣ ਕਾਰਨ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਤੇ ਇਸੇ ਦੌਰਾਨ ਕੋਰੋਨਾ ਮਹਾਮਾਰੀ ਦੇ ਆਉਣ ਕਾਰਨ ਸਾਰੀਆਂ ਹਵਾਈ ਉਡਾਨਾਂ ਬੰਦ ਹੋ ਗਈਆਂ ਜਿਸ ਕਾਰਨ ਇਹ ਸਾਰੇ ਨੌਜਵਾਨ ਉਥੇ ਹੀ ਫਸ ਕੇ ਰਹਿ ਗਏ। ਇਨ੍ਹਾਂ ਸਾਰੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਵਤਨ ਵਾਪਸੀ ਦੀ ਗੁਹਾਰ ਲਗਾਈ। ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ਨੀਵਾਰ ਨੂੰ ਇਹ ਸਾਰੇ 240 ਨੌਜਵਾਨ ਮਲੇਸ਼ੀਆ ਤੋਂ ਵਾਪਸ ਆ ਪੁੱਜੇ ਹਨ। ਬੀਬਾ ਬਾਦਲ ਨੇ ਇਹ ਮੁੱਦਾ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਦੇ ਧਿਆਨ ਵਿਚ ਲਿਆਂਦਾ ਸੀ ਜਿਨ੍ਹਾਂ ਨੇ ਇਸ ਮੁੱਦੇ ‘ਤੇ ਕਾਰਵਾਈ ਕਰਦਿਆਂ ਵਿਸ਼ੇਸ਼ ਉਡਾਨ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਂਦਾ।
ਵਾਪਸ ਆਏ ਪੰਜਾਬੀਆਂ ਵਿਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਰਾਜਵੰਤ ਕੌਰ ਨੇ ਦੱਸਿਆ ਕਿ ਅਜੇ ਵੀ ਮਲੇਸ਼ੀਆ ਦੀ ਜੇਲ੍ਹਾਂ ਵਿਚ 700 ਤੋਂ ਵਧ ਪੰਜਾਬੀ ਫਸੇ ਹੋਏ ਹਨ ਤੇ ਉਨ੍ਹਾਂ ਦੱਸਿਆ ਕਿ ਉਥੇ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਪਸ ਪੁੱਜੇ 240 ਪੰਜਾਬੀਆਂ ਨੇ ਵਿਦੇਸ਼ ਮੰਤਰੀਜੈ ਸ਼ੰਕਰ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ।