Mohali PNB bank : 17 ਜੂਨ ਨੂੰ ਦੁਪਹਿਰ ਵੇਲੇ ਮੋਹਾਲੀ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ 4.80 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਹਿਸਟਰੀ ਸ਼ੀਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀਆਂ ਤੋਂ ਨਕਲੀ ਏਅਰ ਪਿਸਤੌਲ, ਚਾਕੂ ਤੇ ਸਕੋਡਾ ਕਾਰ ਵੀ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਦਿੱਤੀ।
ਦੋਸ਼ੀਆਂ ਦੀ ਪਛਾਣ ਸੰਦੀਪ ਖੁਰਮੀ ਉਰਫ ਸੰਨੀ ਨਿਵਾਸੀ ਸੈਕਟਰ-52, ਸੋਨੂੰ 28 ਨਿਵਾਸੀ ਸੈਕਟਰ-45 ਤੇ ਰਵੀ ਕੁਠਾਰੀ ਨਿਵਾਸੀ ਚੰਡੀਗੜ੍ਹ ਵਜੋਂ ਹੋਈ ਹੈ। SSP ਨੇ ਦੱਸਿਆ ਕਿ ਦੋਵੇਂ ਹੀ ਪਹਿਲਾਂ ਅੰਬਾਲਾ ਦੀ ਜੇਲ੍ਹ ਵਿਚ ਬੰਦ ਸਨ। ਕੋਰੋਨਾ ਕਾਰਨ ਦੋਵਾਂ ਨੂੰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਆਰਥਿਕ ਤੰਗੀ ਕਾਰਨ ਦੋਵਾਂ ਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ ਸੀ। ਇਸ ਵਿਚ ਉਨ੍ਹਾਂ ਨੇ ਰਵੀ ਕੁਠਾਰੀ ਨੂੰ ਵੀ ਸ਼ਾਮਲ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਲਈ ਸੋਨੂੰ ਤੇ ਸੰਨੀ ਬੈਂਕ ਨੂੰ ਲੁੱਟਣ ਲਈ ਅੰਦਰ ਗਏ ਸਨ ਤੇ ਰਵੀ ਕੁਠਾਰੀ ਨੇ ਬਾਹਰ ਖੜ੍ਹੇ ਨਿਗਰਾਨੀ ਕਰ ਰਿਹਾ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਂਕ ਤੋਂ ਨਿਕਲਦੇ ਸਮੇਂ ਦੋਸ਼ੀਆਂ ਦੇ ਚਿਹਰੇ ਤੋਂ ਮਾਸਕ ਨਿਕਲ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਛਾਣ ਲਿਆ ਗਿਆ। ਪੁਲਿਸ ਵਲੋਂ ਲੋਕਾਂ ਤੋਂ ਪੁੱਛਗਿਛ ਕੀਤੀ ਗਈ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਸਨ ਤੇ ਸਾਰੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਸੀ।