Company swindled crores : ਜਲੰਧਰ ਤੋਂ ਵੱਡੇ ਫਰਾਡ ਦੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਾਸ਼ ਇਲਾਕੇ ਵਿਚ ਇਕ ਕੰਪਨੀ ਵਲੋਂ ਕਰੋੜਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕੰਪਨੀ ਸੋਨੇ ਦੀ ਕਿਟੀ ਪਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੀ ਸੀ ਤੇ ਗਾਹਕਾਂ ਨੂੰ ਅਮਰੀਕਾ ਤਕ ਦੇ ਟੂਰ ‘ਤੇ ਵੀ ਭੇਜਦੀ ਸੀ ਤਾਂ ਕਿ ਗਾਹਕਾਂ ‘ਤੇ ਉਨ੍ਹਾਂ ਦਾ ਵਿਸ਼ਵਾਸ ਬਣਿਆ ਰਹੇ ਪਰ ਹੁਣ ਇਹ ਕੰਪਨੀ ਲੋਕਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਈ ਹੈ। ਮੰਗਲਵਾਰ ਨੂੰ ਕੰਪਨੀ ਦੇ ਦਫਤਰ ਦੇ ਬਾਹਰ ਤਾਲਾ ਲੱਗਾ ਦੇਖ ਕੇ ਲੋਕਾਂ ਦੇ ਹੋਸ਼ ਉਡ ਗਏ।
ਦਫਤਰ ਦੇ ਬਾਹਰ ਲੋਕਾਂ ਦੀ ਬਹੁਤ ਭੀੜ ਇਕੱਠੀ ਹੋਈ ਸੀ ਤੇ ਬਾਅਦ ਵਿਚ ਪਤਾ ਲੱਗਾ ਕਿ ਇਸ ਕੰਪਨੀ ਪੰਜਾਬ ਦੇ ਹੋਰਨਾਂ ਕਈ ਥਾਵਾਂ ‘ਤੇ ਦਫਤਰ ਸਨ ਤੇ ਸਾਰਿਆਂ ‘ਤੇ ਹੁਣ ਤਾਲਾ ਲੱਗਾ ਹੋਇਆ ਹੈ। ਕੰਪਨੀ ਵਲੋਂ ਗਾਹਕਾਂ ਨੂੰ ਕਿਹਾ ਜਾਂਦਾ ਸੀ ਜੇਕਰ ਕੋਈ ਉਨ੍ਹਾਂ ਕੋਲ ਸੋਨੇ ਦੀ ਕਿਟੀ ਪਾਉਂਦਾ ਹੈ ਤਾਂ ਉਹ 11 ਮਹੀਨੇ ਤਕ ਕਿਸ਼ਤ ਗਾਹਕ ਤੋਂ ਲੈਣਗੇ ਤੇ 12ਵੀਂ ਕਿਸ਼ਤ ਉਹ ਖੁਦ ਦੇਣਗੇ। ਗਾਹਕ ਨੂੰ ਓਨੀ ਰਕਮ ਦਾ ਸੋਨਾ ਦਿੱਤਾ ਜਾਵੇਗਾ। ਗਾਹਕਾਂ ਵਲੋਂ ਦਫਤਰ ਵਿਚ ਨਿਵੇਸ਼ ਕਰਨ ਲਈ ਕਾਫੀ ਭੀੜ ਇਕੱਠੀ ਹੋ ਗਈ। ਜਾਣਕਾਰੀ ਮੁਤਾਬਕ ਗੁਰਮਿੰਦਰ ਸਿੰਘ, ਗਗਨਦੀਪ ਤੇ ਰਣਜੀਤ ਸਿੰਘ ਨੇ ਵਿਜ ਪਾਵਰ ਦੇ ਨਾਂ ਤੋਂ ਕੰਪਨੀ ਖੋਲ੍ਹੀ ਹੋਈ ਸੀ। ਕੰਪਨੀ ਨੇ ਲੋਕਾਂ ‘ਤੇ ਥੋੜ੍ਹੀ ਹੀ ਦੇਰ ਵਿਚ ਕਾਫੀ ਵਿਸ਼ਵਾਸ ਬਣਾ ਲਿਆ ਸੀ ਜਿਸ ਕਾਰਨ ਲੋਕ ਬਹੁਤ ਵੱਡੀ-ਵੱਡੀ ਰਕਮ ਨਿਵੇਸ਼ ਕਰਨ ਲੱਗ ਪਏ ਸਨ। ਕੁਝ ਗਾਹਕ ਤਾਂ 5-5 ਲੱਖ ਰੁਪਏ ਦੀ ਮਹੀਨੇ ਦੀ ਕਿਸ਼ਤ ਜਮ੍ਹਾ ਕਰਵਾ ਰਹੇ ਸਨ ਇਸ ਤਰ੍ਹਾਂ 11 ਮਹੀਨਿਆਂ ਬਾਅਦ ਉਨ੍ਹਾਂ ਨੂੰ 60 ਲੱਖ ਦਾ ਸੋਨਾ ਜਾਂ ਕੈਸ਼ ਮਿਲ ਜਾਂਦਾ ਸੀ।
ਕੰਪਨੀ ਵਲੋਂ ਇਕ ਹੋਰ ਸਕੀਮ ਵੀ ਚਲਾਈ ਜਾ ਰਹੀ ਸੀ ਕਿ ਜੇਕਰ ਕੋਈ ਗਾਹਕ ਹੋਰ ਤਿੰਨ ਗਾਹਕ ਲੈ ਕੇ ਆਉਂਦਾ ਸੀ ਤਾਂ ਉਸ ਨੂੰਵਿਦੇਸ਼ ਟੂਰ ਵੀ ਕਰਵਾਇਆ ਜਾਂਦਾ ਸੀ। ਕਾਫੀ ਲੋਕਾਂ ਨੂੰ ਅਮਰੀਕਾ ਤੇ ਕੈਨੇਡਾ ਤਕ ਦੀ ਸੈਰ ਕਰਵਾਈ ਗਈ ਪਰ ਲੌਕਡਾਊਨ ਕਾਰਨ ਕੰਪਨੀ ਵਿਚ ਨਿਵੇਸ਼ ਘੱਟ ਹੋ ਗਿਆ। ਇਸ ਤੋਂ ਪਹਿਲਾਂ ਲਿਕ ਲੋਕਾਂ ਨੂੰ ਅਸਲੀਅਤ ਪਤਾ ਲੱਗਦੀ ਕੰਪਨੀ ਸੰਚਾਲਕ ਫਰਾਰ ਹੋ ਗਏ। ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਸੰਚਾਲਕ 50 ਕਰੋੜ ਤੋਂ ਵਧ ਦੀ ਰਕਮ ਲੈ ਕੇ ਚਲੇ ਗਏ ਹਨ। ਏ. ਸੀ. ਪੀ. ਮਾਡਲ ਟਾਊਨ ਹਰਵਿੰਦਰ ਗਿੱਲ ਮੁਤਾਬਕ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਮਾਡਲ ਟਾਊਨ ਤੋਂ ਫੜ ਲਿਆ ਗਿਆ ਹੈ।