Rajasthan Congress Crisis: ਪਾਰਟੀ ਵਿਰੁੱਧ ਬਗਾਵਤ ਕਰ ਰਹੇ ਕਾਂਗਰਸੀ ਨੇਤਾ ਸਚਿਨ ਪਾਇਲਟ ਲਗਾਤਾਰ ਕਹਿ ਰਹੇ ਹਨ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਪਾਇਲਟ ਨੇ ਬੁੱਧਵਾਰ ਨੂੰ ਇੱਕ ਇੰਟਰਵਿਊ ਦੌਰਾਨ ਦੁਬਾਰਾ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਦੀ ਨਜ਼ਰ ਵਿੱਚ ਉਸ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ‘ਚ ਉਨ੍ਹਾਂ ਨੂੰ ਭਾਜਪਾ ਦੇ ਨਾਲ ਦਿਖਾਇਆ ਜਾ ਰਿਹਾ ਹੈ। ਪਾਇਲਟ ਨੇ ਕਿਹਾ, “ਮੈਨੂੰ ਭਾਜਪਾ ਨਾਲ ਦਿਖਾਉਣਾ ਪਾਰਟੀ ਹਾਈ ਕਮਾਂਡ ਦੀ ਨਜ਼ਰ ਵਿੱਚ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੈ।” ਪਾਇਲਟ ਨੇ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਭਾਜਪਾ ਨਾਲ ਜੋੜ ਕੇ, ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਅਜੇ ਵੀ ਕਾਂਗਰਸ ਪਾਰਟੀ ਦਾ ਮੈਂਬਰ ਹਾਂ। ਪਾਇਲਟ ਨੇ ਅੱਗੇ ਕਿਹਾ, ‘ਅੱਗੇ ਕੀ ਕਰਨਾ ਹੈ। ਇਸ ਬਾਰੇ ਫੈਸਲਾ ਕਰ ਰਹੇ ਹਾਂ, ਮੈਂ ਰਾਜਸਥਾਨ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ।’
ਪਾਇਲਟ ਨੇ ਇਹ ਵੀ ਕਿਹਾ ਕਿ ਉਹ ਬੁੱਧਵਾਰ ਨੂੰ ਕੋਈ ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ ਹੈ। ਅਜਿਹੀਆਂ ਖ਼ਬਰਾਂ ਸਨ ਕਿ ਪਾਇਲਟ ਅੱਜ ਪ੍ਰੈਸ ਕਾਨਫਰੰਸ ਕਰਨਗੇ। ਸਚਿਨ ਪਾਇਲਟ ਐਤਵਾਰ ਨੂੰ ਹੀ ਦਿੱਲੀ ਪਹੁੰਚੇ ਸਨ। ਜਾਣਕਾਰੀ ਸੀ ਕਿ ਉਸ ਦੇ ਨਾਲ ਕੁੱਝ ਵਿਧਾਇਕ ਹਨ। ਉਸੇ ਦਿਨ ਖ਼ਬਰਾਂ ਆਈਆਂ ਸਨ ਕਿ ਪਾਇਲਟ ਭਾਜਪਾ ਨੇਤਾਵਾਂ ਨਾਲ ਸੰਪਰਕ ਵਿੱਚ ਸਨ। ਉਨ੍ਹਾਂ ਦੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੀਆਂ ਵੀ ਖ਼ਬਰਾਂ ਹਨ। ਪਰ ਪਾਇਲਟ ਦੇ ਨਜ਼ਦੀਕੀ ਸੂਤਰਾਂ ਨੇ ਸਾਫ ਕਹਿ ਦਿੱਤਾ ਸੀ ਕਿ ਪਾਇਲਟ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਹਾਲਾਂਕਿ, ਐਤਵਾਰ ਨੂੰ ਇਹ ਸਪੱਸ਼ਟ ਹੋ ਗਿਆ ਸੀ ਕਿ ਪਾਇਲਟ ਇਸ ਵਾਰ ਆਰ-ਪਾਰ ਦੇ ਮੂਡ ਵਿੱਚ ਹਨ। ਦੱਸ ਦੇਈਏ ਕਿ ਕਾਂਗਰਸ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਪਾਇਲਟ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ “ਸੱਚਾਈ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ” ਹੁਣ ਵੇਖਣਾ ਇਹ ਹੈ ਕਿ ਪਾਇਲਟ ਅਗਲਾ ਕਦਮ ਕੀ ਲੈਂਦੇ ਹਨ ਅਤੇ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦੀ ਰਾਜਨੀਤੀ ‘ਚ ਹੋਰ ਕੀ ਵੇਖਣਾ ਪੈਂਦਾ ਹੈ।