Two rocket launcher : ਖੰਨਾ ਤੋਂ ਸ਼ੁੱਕਰਵਾਰ ਸਵੇਰੇ ਰਾਕੇਟ ਲਾਂਚਰ ਦੇ ਗੋਲੇ ਬਰਾਮਦ ਹੋਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਤਾਂ ਇਹ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਸਕ੍ਰੈਪ ਡੀਲਰ ਜਾਂ ਕਬਾੜੀ ਵਿਚ ਇਹ ਗੋਲੇ ਆ ਗਏ ਹੋਣਗੇ ਅਤੇ ਉਸ ਨੇ ਇਨ੍ਹਾਂ ਨੂੰ ਮਿਲਟਰੀ ਗਰਾਊਂਡ ਵਿਚ ਸੁੰਨਸਾਨ ਜਗ੍ਹਾ ‘ਤੇ ਸੁੱਟ ਦਿੱਤਾ ਹੋਵੇਗਾ। ਪੁਲਿਸ ਵਲੋਂ ਦੋਵੇਂ ਗੋਲਿਆਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਬਜ਼ੀ ਮੰਡੀ ਸਥਿਤ ਮਾਰਕੀਟ ਕਮੇਟੀ ਦੇ ਦਫਤਰ ਪਿੱਛ ਸ਼ੁੱਕਰਵਾਰ ਸਵੇਰੇ ਇਕ ਔਰਤ ਕੂੜਾ ਇਕੱਠਾ ਕਰ ਰਹੀ ਸੀ ਇਸ ਦੌਰਾਨ ਉਸ ਨੇ ਇਹ ਦੋਵੇਂ ਗੋਲੇ ਦੇਖੇ। ਉਸ ਨੇ ਇਸ ਬਾਰੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਮੁਲਾਜ਼ਮਾਂ ਨੇ ਸਿਟੀ-2 ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ SHO ਸਿਟੀ-2 ਹਰਵਿੰਦਰ ਸਿੰਘ ਖਹਿਰਾ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ ਅਤੇ ਗੋਲਿਆਂ ਨੂੰ ਉਥੋਂ ਟੁੱਕ ਕੇ ਮਾਰਕੀਟ ਕਮੇਟੀ ਦੇ ਦਫਤਰ ਦੇ ਇਕ ਕੋਨੇ ਵਿਚ ਟੋਇਆ ਪੁੱਟ ਕੇ ਰਖਵਾ ਦਿੱਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਗੋਲੇ ਡਿਫਿਊਜ਼ ਹਨ ਪਰ ਪੁਲਿਸ ਵਲੋਂ ਫਿਰ ਵੀ ਪੂਰੀ ਸਾਵਧਾਨੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੌਕੇ ‘ਤੇ ਗਾਰਦ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਖੋਜੀ ਕੁਤੇ ਦੀ ਮਦਦ ਨਾਲ ਮਿਲਟਰੀ ਗਰਾਊਂਡ ਦੀ ਤਲਾਸ਼ ਵੀ ਲਈ ਪਰ ਇਨ੍ਹਾਂ ਦੋਵੇਂ ਗੋਲਿਆਂ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਨਹੀਂ ਮਿਲਿਆ। ਹੁਣ ਪੁਲਿਸ ਆਸ-ਪਾਸ ਦੇ ਕਬਾੜੀਆਂ ਤੋਂ ਪੁੱਛਗਿਛ ਕਰ ਰਹੀ ਹੈ। ਫਿਲਹਾਲ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ।