162 crore scam : ਜਲੰਧਰ : ਪੰਜਾਬ ਵਿਚ ਬੁਢਾਪਾ ਪੈਨਸ਼ਨ ਦੇ ਨਾਂ ‘ਤੇ 162 ਕਰੋੜ ਰੁਪਏ ਦੇ ਵੱਡੇ ਘਪਲੇ ਦੀ ਪੁਸ਼ਟੀ ਹੋਈ ਹੈ। ਇਹ ਘਪਲਾ ਉਮਰ ਵਧ ਦੱਸ ਕੇ ਤੇ ਪੈਨਸ਼ਨ ਵਸੂਲ ਕੇ ਕੀਤਾ ਗਿਆ ਹੈ। ਇਸ ਵਿਚ 30 ਤੋਂ 40 ਸਾਲ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਆਪਣੀ ਉਮਰ 65 ਸਾਲ ਤਕ ਦੱਸ ਕੇ ਬੁਢਾਪਾ ਪੈਨਸ਼ਨ ਹਾਸਲ ਕੀਤੀ ਹੈ। ਸਾਲ 2015 ਵਿਚ ਅਸਲੀ ਉਮਰ ਤੋਂ ਵਧ ਲਿਖ ਕੇ ਤੇ ਗਲਤ ਪਤੇ ਦੱਸ ਕੇ ਇਹ ਸਾਰਾ ਕਾਰਾ ਕੀਤਾ ਗਿਆ ਤੇ ਗਲਤ ਆਮਦਨ ਸਰਟੀਫਿਕੇਟ ਨਾਲ ਲਗਾਏ ਗਏ। ਸੂਬੇ ਵਿਚ ਇੰਨਾ ਵੱਡਾ ਘਪਲਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਸੰਭਵ ਹੋ ਸਕਿਆ ਹੈ।
ਪੈਨਸ਼ਨ ਦਾ ਭਾਰ ਵਧਣ ‘ਤੇ ਸਰਕਾਰ ਨੇ ਸਾਲ 2017 ਵਿਚ ਸਰਕਾਰ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ। ਲੰਬੇ ਸਮੇਂ ਤਕ ਚੱਲੀ ਜਾਂਚ ਤੋਂ ਬਾਅਦ ਇਸ ਘਪਲੇ ਦਾ ਖੁਲਾਸਾ ਹੋਇਆ। ਜਾਂਚ ਵਿਚ ਪਤਾ ਲੱਗਾ ਕਿ ਸੂਬੇ ਦੇ 22 ਜ਼ਿਲਿਆਂ ਵਿਚ ਦੋ ਸਾਲ ਤਕ 70,137 ਲੋਕਾਂ ਨੇ ਸਰਕਾਰ ਨੂੰ 1,62,35,25,800 ਰੁਪਏ ਗਲਤ ਪੈਨਸ਼ਨ ਦੇ ਰੂਪ ਵਿਚ ਕਢਵਾ ਕੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ। ਹੁਣ ਸੂਬਾ ਸਰਕਾਰ ਵਲੋਂ ਸਾਰੇ ਜਿਲਿਆਂ ਦੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਇਸ ਫਰਜ਼ੀਵਾੜੇ ਦੀ ਰਿਕਵਰੀ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਨੇ ਸਮਾਜਿਕ ਸੁਰੱਖਿਆ ਅਧਿਕਾਰੀਆਂ ਤੋਂ ਮਹੀਨੇ ਵਿਚ ਦੋ ਵਾਰ ਮਤਲਬ ਹਰ 15 ਦਿਨ ਵਿਚ ਵਸੂਲੀ ਵਿਚ ਹੋਈ ਤਰੱਕੀ ਦੀ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਹਨ ਤੇ ਜੋ ਅਧਿਕਾਰੀ ਸਮੇਂ ‘ਤੇ ਰਿਪੋਰਟ ਨਹੀਂ ਭੇਜਮਗੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸੇ ਸਬੰਧ ਵਿਚ ਜਲੰਦਰ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਰਜਿੰਦਰ ਬੈਂਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸਰਕਾਰ ਵਲੋਂ ਵਸੂਲੀ ਦੀ ਚਿੱਠੀ ਮਿਲੀ ਹੈ। ਹੁਣ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੂੰ ਚਿੱਠੀ ਭੇਜੀਜਾਵੇਗੀ। ਡੀ. ਸੀ. ਵਲੋਂ ਰਿਕਵਰੀ ਲਈ ਇਕ ਕਮੇਟੀ ਬਣਾਈ ਜਾਵੇਗੀ ਤੇ ਇਹ ਕਮੇਟੀ ਦੀ ਵਸੂਲੀ ਦਾ ਕੰਮ ਕਰੇਗੀ। ਬੁਢਾਪਾ ਪੈਨਸ਼ਨ ਯੋਜਨਾ ਦਾ ਲਾਭ ਸਿਰਫ 65 ਸਾਲਾ ਪੁਰਸ਼ ਤੇ 58 ਸਾਲਾ ਔਰਤ ਨੂੰ ਮਿਲਦਾ ਹੈ। ਬੁਢਾਪਾ ਪੈਨਸ਼ਨ ਲਈ ਪਤੀ-ਪਤਨੀ ਦੀ ਮਹੀਨਾਵਾਰ ਆਮਦਨ 6 ਹਜ਼ਾਰ ਤੋਂ ਵਧ ਨਹੀਂ ਹੋਣੀ ਚਾਹੀਦੀ ਤੇ ਅਜਿਹੇ ਲੋਕ ਜਿਨ੍ਹਾਂ ਕੋਲ 2 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਹੈ ਉਨ੍ਹਾਂ ਨੂੰ ਵੀ ਬੁਢਾਪਾ ਪੈਨਸ਼ਨ ਦਾ ਲਾਭ ਮਿਲਦਾ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਜੀਵਨ ਬਤੀਤ ਕਰਨ ਲਈ ਹਰ ਮਹੀਨੇ ਸਰਕਾਰ ਵਲੋਂ 750 ਰੁਪਏ ਦਿੱਤੇ ਜਾਂਦੇ ਹਨ।