Chief Principal Secretary : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਨੇ ਫਿਰ ਤੋਂ ਨਾਰਾਜ਼ ਹੋ ਕੇ ਮੌਖਿਕ ਤੌਰ ‘ਤੇ ਅਸਤੀਫਾ ਦੇ ਦਿੱਤਾ ਹੈ। ਨਾਰਾਜ਼ਗੀ ਦਾ ਕਾਰਨ ਸਰਕਾਰੀ ਪੱਧਰ ‘ਤੇ ਹੋਏ ਵੱਡਾ ਫੇਰਬਦਲ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਨਾਲ ਇਕ ਮੀਟਿੰਗ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ। ਭਾਵੇਂ ਸਰਕਾਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਇਹ ਸਿਰਫ ਅਫਵਾਹ ਹੈ।
ਮਿਲੀ ਜਾਣਕਾਰੀ ਮੁਤਾਬਕ ਜੋ ਸਰਕਾਰੀ ਫਾਈਲਾਂ ਪਹਿਲਾਂ ਸੁਰੇਸ਼ ਕੁਮਾਰ ਕੋਲ ਆਉਂਦੀਆਂ ਸਨ, ਉਹ ਹੁਣ ਨਹੀਂ ਆ ਰਹੀਆਂ। ਇਸ ਲਈ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੁਪਹਿਰ ਨੂੰ ਮੁੱਖ ਮੰਤਰੀ ਨੇ ਫਿਰ ਤੋਂ ਸੁਰੇਸ਼ ਨੂੰ ਮਿਲਣ ਲਈ ਬੁਲਾਇਆ। ਲਗਭਗ ਅੱਧਾ ਘੰਟੇ ਤਕ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ। ਸੂਤਰਾਂ ਨੇ ਦੱਸਿਆ ਕਿ ਸੀ. ਐੱਮ. ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਸੁਰੇਸ਼ ਨੇ ਪਰਸੋਨਲ ਵਿਭਾਗ ਦੇ ਐੱਸ. ਸੀ. ਐੱਸ. ਨੂੰ ਆਪਣੇ 17 ਮੁਲਾਜ਼ਮਾਂ ਦੇ ਸਟਾਫ ਨੂੰ ਕਿਤੇ ਹੋਰ ਐਡਜਸਟ ਕਰਨ ਲਈ ਵੀ ਕਿਹਾ। ਅਜੇ ਤਕ ਅਸਤੀਫੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਇਕ ਵਾਰ ਪਹਿਲਾਂ ਵੀ ਸੁਰੇਸ਼ ਕੁਮਾਰ ਨੇ ਅਸਤੀਫਾ ਦਿੱਤਾ ਸੀ, ਜਦੋਂ ਸੁਰੇਸ਼ ਕੁਮਾਰ ਦੀ ਚੀਫ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ‘ਤੇ ਨਿਯੁਕਤੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ।
ਸੁਰੇਸ਼ ਕੋਲ 14 ਗੰਨਮੈਨ, 17 ਕਰਮਚਾਰੀਆਂ ਦਾ ਆਫਿਸ ਸਟਾਫ, 2 ਜਿਪਸੀ ਤੇ 2 ਸਰਕਾਰੀ ਕਾਰਾਂ ਸਨ। ਸੀ. ਐੱਮ. ਨੂੰ ਅਸਤੀਫਾ ਦੇਣ ਤੋਂ ਬਾਅਦ ਗੰਨਮੈਨਾਂ ਤੇ 17 ਕਰਮਚਾਰੀਆਂ ਦੇ ਸਟਾਫ ਨੂੰ ਵੀ ਅਲਵਿਦਾ ਕਹਿ ਦਿੱਤਾ। ਸੁਰੇਸ਼ ਕੁਮਾਰ ਨੂੰ ਇਸ ਗੱਲ ਦਾ ਪਤਾ ਦਾ ਪਤਾ ਹੈ ਕਿ ਸਰਕਾਰੀ ਪੱਧਰ ‘ਤੇ ਇਕ ਧੜਾ ਉਨ੍ਹਾਂ ਖਿਲਾਫ ਹੈ ਅਤੇ ਉਹ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਅਕਸ ‘ਤੇ ਉਠ ਰਹੇ ਸਵਾਲਾਂ ਤੋਂ ਪ੍ਰੇਸ਼ਾਨ ਹਨ। ਬਦਲਦੇ ਮਾਹੌਲ ਨੂੰ ਦੇਖਦਿਆਂ ਹੀ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਅਸਤੀਫੇ ਦੀ ਗੱਲ ਕਹੀ ਹੈ। ਹੁਣ ਬੁੱਧਵਾਰ ਨੂੰ ਤੈਅ ਹੋਵੇਗਾ ਕਿ ਉਨ੍ਹਾਂ ਦੇ ਸਟਾਫ ਨੂੰ ਕਿਤੇ ਐਡਜਸਟ ਕੀਤਾ ਜਾਂਦਾ ਹੈ ਜਾਂ ਫਿਰ ਸੁਰੇਸ਼ ਕੁਮਾਰ ਨੂੰ ਮਨਾ ਲਿਆ ਜਾਂਦਾ ਹੈ।