Elderly doctor running : ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਇਸ ਨਾਲ ਇੰਫੈਕਟਿਡ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸੂਬੇ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਮਾਛੀਵਾੜਾ ਵਿਚ ਇਕ ਬਜ਼ੁਰਗ ਡਾਕਟਰ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ, ਉਕਤ ਬਜ਼ੁਰਗ ਮੈਡੀਕਲ ਸਟੋਰ ਚਲਾਉਂਦੇ ਹਨ।
ਸਟੋਰ ‘ਤੇ ਰੋਜ਼ਾਨਾ ਕਾਫੀ ਲੋਕ ਦਵਾਈ ਲੈਣ ਲਈ ਆਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕੋਰੋਨਾ ਪੀੜਤ ਹੋਣ ਦਾ ਖਤਰਾ ਵਧ ਹੈ। ਬਜ਼ੁਰਗ ਡਾਕਟਰ ਇਲਾਜ ਲਈ ਲੁਧਿਆਣੇ ਦੇ ਇਕ ਹਸਪਤਾਲ ਵਿਚ ਦਾਖਲ ਹੈ ਜਿਥੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਸ਼ੂਗਰ ਦੀ ਬੀਮਾਰੀ ਤੋਂ ਵੀ ਪੀੜਤ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਹੜੇ ਬਜ਼ੁਰਗ ਡਾਕਟਰ ਦੇ ਸੰਪਰਕ ਵਿਚ ਆਏ ਹਨ। ਮਾਛੀਵਾੜੇ ਵਿਚ ਹੁਣ ਤਕ ਕੋਰੋਨਾ ਦੇ 5 ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ 4 ਮਾਮਲੇ ਦੋ ਜੱਸੋਵਾਲ ਤੋਂ, ਇਕ ਮਾਣੇਵਾਲ ਤੋਂ ਅਤੇ ਇਕ ਮਾਛੀਵਾੜੇ ਤੋਂ ਕੇਸ ਸਾਹਮਣੇ ਆ ਚੁੱਕੇ ਹਨ।
ਸੂਬੇ ਵਿਚ ਪਿਛਲੇ 24 ਘੰਟਿਆਂ ਦਰਮਿਆਨ 441 ਨਵੇਂ ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 11739 ਤਕ ਪੁੱਜ ਚੁੱਕੀ ਹੈ। ਵੀਰਵਾਰ ਨੂੰ ਜਲੰਧਰ ਤੇ ਪਟਿਆਲਾ ਵਿਚ 2-2 ਮਰੀਜ਼ਾਂ, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਮੋਹਾਲੀ ਵਿਚ 1-1 ਕੋਰੋਨਾ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ 3721 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ 83 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 70 ਮਰੀਜ਼ ਆਕਸੀਜਨ ਸਪੋਰਟ ‘ਤੇ ਅਤੇ 13 ਮਰੀਜ਼ ਵੈਂਟੀਲੇਟਰ ‘ਤੇ ਹਨ।