Five Rivers Processed : ਚੰਡੀਗੜ੍ਹ: ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ ਅਤੇ ਸਥਾਨਕ ਖਾਧ ਪਦਾਰਥਾਂ ਨੂੰ ਵਿਸ਼ਵ ਬਾਜ਼ਾਰ ਵਿਚ ਉਤਾਰਨ ਲਈ ਸੂਬਾ ਸਰਕਾਰ ਨੇ ਫਾਈਵ ਰਿਵਰਸ ਨਾਂ ਨਾਲ ਆਪਣਾ ਪ੍ਰੋਸੈਸਡ ਫੂਡ ਬ੍ਰਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਮੀਟਿੰਗ ਦੌਰਾਨ ਪ੍ਰਾਈਮ ਮਨਿਸਟਰਜ਼ ਫਾਰਮੇਲਾਈਜ਼ੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਿਜ ਸਕੀਮ (ਪੀ. ਐੱਮ. ਐੱਮ. ਈ.) ਦੀ ਸਮੀਖਿਆ ਕੀਤੀ ਗਈ। ਇਸ ਯੋਜਨਾ ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ ਅਧੀਨ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿਚ ਪੈਦਾ ਹੋਣ ਵਾਲੀਆਂ ਖਾਧ ਚੀਜ਼ਾਂ ਨੂੰ ਪ੍ਰੋਸੈਸ ਕਰਕੇ ਪ੍ਰਮੋਟ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਿਲ੍ਹਾ ਪੱਧਰੀ ਸਰਵੇ ਕਰਵਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਸੋਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਦੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਉਤਪਾਦਾਂ ਨੂੰ ਇਕ ਬ੍ਰਾਂਡ ਤਹਿਤ ਵੇਚਣ ਦੀ ਦਿਸ਼ਾ ‘ਚ ਕੰਮ ਕਰੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਰਜਿਸਟਰਡ ਬ੍ਰਾਂਚ ਨਾਂ ਫਾਈਵ ਰਿਵਰ ਅਧੀਨ ਬਾਜ਼ਾਰ ਵਿਚ ਉਤਾਰੇ ਜਾਣ ਜਿਸ ਨਾਲ ਸੂਬੇ ਦੀਆਂ ਮਸ਼ਹੂਰ ਖਾਧ ਚੀਜ਼ਾਂ ਜਿਵੇਂ ਕਿ ਅੰਮ੍ਰਿਤਸਰ ਦੇ ਪਾਪੜ, ਵੜੀਆਂ, ਆਚਾਰ, ਮੁਰੱਬਾ, ਹੁਸ਼ਿਆਰਪੁਰ ਜਿਲ੍ਹੇ ‘ਚ ਮਿਲਣ ਵਾਲੀਆਂ ਆਯੁਰਵੈਦਿਕ ਦਵਾਈਆਂ ਆਦਿ ਨੂੰ ਪੂਰੀ ਦੁਨੀਆ ਵਿਚ ਇਕ ਨਾਂ ਤਹਿਤ ਉਪਲਬਧ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਜਲਦ ਤੋਂ ਲਾਭ ਸਬੰਧਤ ਵਿਅਕਤੀਆਂ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇ ਜਿਸ ਨਾਲ ਰਾਜ ਦੇ ਕਿਸਾਨਾਂ ਤੇ ਬਾਗਬਾਨੀ ਤੇ ਪੋਲਟਰੀ ਦੇ ਕੰਮ ਨਾਲ ਜੁੜੇ ਵਿਅਕਤੀਆਂ ਨੂੰ ਲਾਭ ਦਿੱਤਾ ਜਾ ਸਕੇ।
ਸੂਬੇ ਵਿਚ ਵਿਦੇਸ਼ੀ ਮੁਲਕਾਂ ਨੂੰ ਸਬਜ਼ੀਆਂ ਤੇ ਫਲ ਭੇਜਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਅੰਮ੍ਰਿਤਸਰ ਸਥਿਤ ਕੌਮਾਂਤਰੀ ਹਵਾਈ ਅੱਡੇ ਦੀ ਫੈਸਲਿਟੀ ਜਲਦੀ ਸ਼ੁਰੂ ਕਰਵਾਉਣ ਲਈ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨਾਲ ਮੀਟਿੰਗ ਕਰਨ ਦੇ ਹੁਕਮ ਦਿੱਤੇ ਗਏ ਜਿਸ ਨਾਲ ਸੂਬੇ ਦੇ ਕਿਸਾਨਾਂ ਖਾਸ ਕਰਕੇ ਅੰਮ੍ਰਿਤਸਰ ਤੇ ਇਸ ਨਾਲ ਲੱਗਦੇ ਜਿਲ੍ਹੇ ਦੇ ਕਿਸਾਨਾਂ ਦੀ ਉਪਜ ਵਿਦੇਸ਼ਾਂ ਵਿਚ ਹਵਾਈ ਰਸਤੇ ਰਾਹੀਂ ਭੇਜੀ ਜਾ ਸਕੇ।