Parents of CBSE school : ਜਲੰਧਰ : CBSE ਸਕੂਲਾਂ ਵਿਚ ਪੜ੍ਹਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਹੁਣ ਅਪ੍ਰੈਲ ਤੋਂ ਜੂਨ 2020 ਤੱਕ ਦੀਆਂ ਰਹਿੰਦੀਆਂ ਫੀਸਾਂ 31 ਜੁਲਾਈ 2020 ਤੱਕ ਜਮ੍ਹਾ ਕਰਵਾਉਣੀਆਂ ਹੋਣਗੀਆਂ। ਇਸ ਸਬੰਧੀ ਸੀਬੀਐਸਈ ਐਪੀਲਿਏਟਿਡ ਸਕੂਲ ਐਸੋਸੀਏਸ਼ਨ ਨੇ ਇਕ ਜਨਤਕ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਜਿਹੜੇ ਮਾਪਿਆਂ ਦੀ ਆਰਥਿਕ ਸਥਿਤੀ ’ਤੇ ਇਸ ਦਾ ਅਸਰ ਪਿਆ ਹੈ ਉਹ ਇਕ ਅਰਜ਼ੀ ਲਿਖ ਕੇ ਆਪਣੀ ਮੌਜੂਦਾ ਆਰਥਿਕ ਸਥਿਤੀ ਦੇ ਸਬੂਤਾਂ ਵਜੋਂ ਜ਼ਰੂਰੀ ਦਸਤਾਵੇਜ਼ ਨਾਲ ਨੱਥੀ ਕਰਕੇ ਇਸ ਨੋਟਿਸ ਦੇ ਜਾਰੀ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਸਬੰਧਤ ਸਕੂਲ ਅਥਾਰਿਟੀ ਕੋਲ ਜਮ੍ਹਾ ਕਰਵਾ ਸਕਦੇ ਹਨ, ਜਿਸ ’ਤੇ ਵਿਚਾਰ ਕਰਦੇ ਹੋਏ ਉਨ੍ਹਾਂ ਮਾਪਿਆਂ ਨੂੰ ਫੀਸਾਂ ਵਿਚ ਰਾਹਤ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਮਾਪਿਆਂ ਨੂੰ ਪੂਰੀ ਟਿਊਸ਼ਨ ਫੀਸ ਜਮ੍ਹਾ ਕਰਵਾਉਣੀ ਹੋਵੇਗੀ, ਜਦਕਿ ਸਕੂਲਾਂ ਦੇ ਮੁੜ ਖੁੱਲ੍ਹਣ ਤੱਕ ਸਾਲਾਨਾ ਚਾਰਿਜਸ ਦੇ 70 ਫੀਸਦੀ ਜਮ੍ਹਾ ਕਰਵਾਉਣੇ ਹੋਣਗੇ। ਜਦੋਂ ਵੀ ਸਕੂਲ ਖੁੱਲ੍ਹਣਗੇ ਤਾਂ ਬਾਕੀ ਮਹੀਨਿਆਂ ਦੇ ਸਾਲਾਨਾ ਚਾਰਜਿਸ ਪੂਰੇ ਲਏ ਜਾਣਗੇ। ਇਸ ਤੋਂ ਇਲਾਵਾ 50 ਫੀਸਦੀ ਟਰਾਂਸਪੋਰਟੇਸ਼ਨ ਫੀਸ ਦੇ ਨਾਲ-ਨਾਲ ਸਕੂਲਾਂ ਦੇ ਹੋਰ ਚਾਰਜਿਸ ਵੀ ਅਦਾ ਕਰਨੇ ਹੋਣਗੇ। ਇਸ ਦੇ ਨਾਲ ਹੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਵੱਲੋਂ ਜਿਹੜੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਨਹੀਂ ਦਿੱਤੀਆਂ ਗਈਆਂ, ਉਸ ਦੇ ਕੋਈ ਵੀ ਚਾਰਜਿਸ ਨਹੀਂ ਲਏ ਜਾਣਗੇ।