400 saplings to : ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 400 ਬੂਟੇ ਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਐਲਾਨ ਕੀਤਾ ਗਿਆ ਕਿ ਬੂਟੇ ਲਾਉਣ ਦੀ ਇਹ ਵਿਸ਼ੇਸ਼ ਮੁਹਿੰਮ ਇਸ ਇਤਿਹਾਸਕ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਉਲੀਕੇ ਵੱਖ-ਵੱਖ ਪ੍ਰੋਗਰਾਮਾਂ/ਜਸ਼ਨਾਂ ਦਾ ਹਿੱਸਾ ਹੋਵੇਗੀ।
‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਸਥਾਰਤ ਯੋਜਨਾਵਾਂ ਨੂੰ ਕੋਰੋਨਾ ਵਾਇਰਸ ਕਾਰਨ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਸੂਬਾ ਸਰਕਾਰ ਇਨ੍ਹਾਂ ਨੂੰ ਢੁਕਵੇਂ ਰੂਪ ਵਿੱਚ ਮਨਾਉਣ ਲਈ ਵਿਸ਼ੇਸ਼ ਸਮਾਗਮ ਤੇ ਪ੍ਰੋਗਰਾਮ ਕਰਵਾਉਣ ਦੀ ਇਛੁੱਕ ਹੈ, ਜੋ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣਗੇ। ਮੁੱਖ ਮੰਤਰੀ ਨੇ ਲੋਕਾਂ ਨੂੰ ਬੂਟੇ ਲਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਬੂਟੇ ਜੰਗਲਾਤ ਵਿਭਾਗ ਵੱਲੋਂ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮਹਾਨ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਪ੍ਰਗਟਾਉਣ ਦਾ ਢੁਕਵਾਂ ਉਪਰਾਲਾ ਹੋਵੇਗਾ ਜਿਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 116 ਪਾਵਨ ਸ਼ਬਦ ਮਨੁੱਖਤਾ ਨੂੰ ਅਧਿਆਤਮ ਦਾ ਮਾਰਗ ਦਿਖਾਉਂਦੇ ਹਨ।
ਇਹ ਮੁਹਿੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਚਲਾਈ ਮੁਹਿੰਮ ਦੀ ਤਰਜ਼ ‘ਤੇ ਹੀ ਹੋਵੇਗੀ ਜਦੋਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਿੰਡ ਅੰਦਰ 550 ਬੂਟੇ ਲਾਏ ਗਏ ਸਨ। ਲੱਖਾਂ ਲੋਕ ‘ਗਰੀਨ ਪੰਜਾਬ’ ਮਿਸ਼ਨ ਨਾਲ ਜੁੜੇ ਸਨ, ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜਸ਼ਨਾਂ ਵਿੱਚ ਵੀ ਲੋਕਾਂ ਵਿੱਚ ਓਹੀ ਜੋਸ਼ ਵੇਖਣ ਨੂੰ ਮਿਲੇਗਾ।