Detention Centers for : ਜਲੰਧਰ : ਭਾਰਤ ਵਿਚ ਰਹਿ ਰਹੇ ਨੌਜਵਾਨਾਂ ‘ਤੇ ਵਿਦੇਸ਼ਾਂ ਵਿਚ ਰਹਿਣ ਦਾ ਜਨੂੰਨ ਸਵਾਰ ਹੈ ਤੇ ਇਸ ਲਈ ਉਹ ਕੋਈ ਵੀ ਜੋਖਿਮ ਉਠਾਉਣ ਲਈ ਤਿਆਰ ਹੁੰਦੇ ਹਨ। ਉਹ ਵਿਦੇਸ਼ਾਂ ਵਿਚ ਗੈਰ-ਕਾਨੂੰਨੀ ਢੰਗ ਨਾਲ ਵੀ ਰਹਿ ਰਹੇ ਹਨ। ਫੜੇ ਜਾਣ ‘ਤੇ ਉਹ ਡਿਟੈਂਸ਼ਨ ਸੈਂਟਰਾਂ (ਨਜ਼ਰਬੰਦ ਕੇਂਦਰਾਂ)ਵਿਚ ਦਿਨ ਕੱਟ ਰਹੇ ਹਨ। ਇਨ੍ਹਾਂ ਵਿਚੋਂ ਇਕੱਲੇ ਅਮਰੀਕਾ ਵਿਚ ਹੀ ਨਾਜਾਇਜ਼ ਢੰਗ ਨਾਲ ਵੜੇ 33,593 ਲੋਕ ਇਥੇ ਡਿਟੈਂਸ਼ਨ ਸੈਂਟਰਾਂ ਵਿਚ ਬੰਦ ਹਨ। ਯੂ. ਐੱਸ. ਫ੍ਰੀਡਮ ਆਫ ਇਨਫਰਮੇਸ਼ਨ ਐਕਟ ਤਹਿਤ ਪ੍ਰਾਪਤ ਇਹ ਜਾਣਕਾਰੀ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਦੇਸ਼ਕ ਸਤਨਾਮ ਸਿੰਘ ਚਾਹਲ ਨੇ ਦਿੱਤੀ। ਚਾਹਲ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ ਬੰਦ ਲੋਕਾਂ ਵਿਚ ਜ਼ਿਆਦਾਤਰ ਪੰਜਾਬ ਦੇ ਹਨ।
ਰਾਜ ਤੇ ਕੇਂਦਰ ਸਰਕਾਰਾਂ ਨਾਜਾਇਜ਼ ਮਨੁੱਖੀ ਸਮਗਲਿੰਗ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਪੰਜਾਬ ਦੇ ਕਈ ਨੌਜਵਾਨ ਨਾਜਾਇਜ਼ ਮਨੁੱਖੀ ਸਮਗਲਿੰਗ ਕਾਰਨ ਕਈ ਸਾਲਾਂ ਤੋਂ ਗਾਇਬ ਹਨ। ਉਥੇ ਅਮਰੀਕਾ ਦੇ 200 ਤੋਂ ਜ਼ਿਆਦਾ ਸੈਂਟਰਾਂ ਵਿਚ ਹਜ਼ਾਰਾਂ ਲੋਕ ਬੰਦ ਹਨ। ਉਸ ਖਿਲਾਫ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਲੋਂ ਟ੍ਰਾਇਲ ਚਲਾਏ ਜਾ ਰਹੇ ਹਨ। ਟ੍ਰਾਇਲ ਵਿਚ ਉਨ੍ਹਾਂ ਦੀਆਂ ਦਲੀਲਾਂ ਸਹੀ ਸਾਬਤ ਨਾ ਹੋਈਆਂ ਤਾਂ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ। ਚਾਹਲ ਨੇ ਕਿਹਾ ਕਿ ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਲੋਕਾਂ ਨੂੰ ਪੁਲਿਸ ਡਿਟੈਂਸ਼ਨ ਸੈਂਟਰ ਭੇਜਦੀ ਹੈ। ਪਿਛਲੇ ਸਾਲ ਜੁਲਾਈ ਤੋਂ ਅਕੂਤਬਰ 2019 ਤਕ 3017 ਲੋਕ ਨਾਜਾਇਜ਼ ਰੂਪ ਨਾਲ ਯੂ. ਐੱਸ. ‘ਚ ਵੜਨ ਦੀ ਕੋਸ਼ਿਸ਼ ਵਿਚ ਫੜੇ ਗਏ।ਆਈ. ਸੀ. ਈ. ਦੀ ਰਿਪੋਰਟ ਮੁਤਾਬਕ ਇਨ੍ਹਾਂ ‘ਚੋਂ 2933 ਪੁਰਸ਼ ਤੇ 84 ਔਰਤਾਂ ਹਨ। ਇਨ੍ਹਾਂ ਵਿਚੋਂ 156 ਲੋਕਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ।