Double layer electric : ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਕੈਦੀਆਂ ਦੇ ਜੇਲ੍ਹ ਵਿਚੋਂ ਭੱਜਣ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ। ਇਸੇ ਅਧੀਨ ਜੇਲ੍ਹ ‘ਚ ਦੀਵਾਰ ਟੱਪ ਕੇ ਭੱਜਣ ਤੇ ਬਾਹਰ ਤੋਂ ਆਉਣ ਵਾਲੇ ਸਾਮਾਨ ‘ਤੇ ਰੋਕ ਲਗਾਉਣ ਲਈ ਪੰਜਾਬ ਲੈਵਲ ‘ਤੇ ਬਜਟ ਪਾਸ ਕਰਕੇ ਡਬਲ ਲੇਅਰ ਇਲੈਕਟ੍ਰਿਕ ਵਾਈਰਿੰਗ ਕਰਨ ਦੀ ਤਿਆਰੀ ਸ਼ੁਰੂ ਹੋਣ ਵਾਲੀ ਹੈ। ਫਿਲਹਾਲ ਸੈਂਟਰਲ ਜੇਲ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ। ਇਹ ਜਾਣਕਾਰੀ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਲਗਭਗ 14 ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਵਿਚੋਂ ਲਗਭਗ 10 ਤਾਂ ਜੇਲ੍ਹ ਵਿਚ ਕੈਦੀਆਂ ਤੇ ਪੁਲਿਸ ਦੀ ਝੜਪ ਦੌਰਾਨ ਭੱਜੇ ਸਨ।
ਉਨ੍ਹਾਂ ਦੱਸਿਆ ਕਿ ਸਾਰੇ ਕੈਦੀਆਂ ਤੇ ਹਵਾਲਾਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਅਜਿਹਾ ਇਸ ਲਈ ਹੋਇਆ ਕਿਉਂਕਿ ਜੇਲ੍ਹ ਦੀਆਂ ਦੀਵਾਰਾਂ ‘ਤੇ ਕਿਸੇ ਤਰ੍ਹਾਂ ਦੀ ਕੋਈ ਸਕਿਓਰਿਟੀ ਨਹੀਂ ਸੀ ਪਰ ਇਸ ਪ੍ਰਾਜੈਕਟ ਤੋਂ ਬਾਅਦ ਪੁਲਿਸ ਨੂੰ ਕਾਫੀ ਮਦਦ ਮਿਲੇਗੀ। ਵਾਈਰਿੰਗ ਦੇ ਕੰਮ ਲਈ ਬਜਟ ਪਾਸ ਕੀਤਾ ਗਿਆ।ਜੇਲ੍ਹ ਵਿਚ ਇਕ ਦੀਵਾਰ 18 ਫੁੱਟ ਅਤੇ ਦੂਜੀ ਦੀਵਾਰ 25 ਫੁੱਟ ਦੀ ਹੈ। ਕਈ ਵਾਰ ਕੈਦੀ ਅੰਦਰ ਦੀ ਦੀਵਾਰ ਤੋਂ ਹੁੰਦੇ ਹੋਏ ਬਾਹਰ ਭੱਜ ਚੁੱਕੇ ਹਨ। ਇਨ੍ਹਾਂ ਦੀਵਾਰਾਂ ਤੋਂ ਸਾਮਾਨ ਵੀ ਅੰਦਰ ਸੁੱਟਿਆ ਜਾਂਦਾ ਹੈ। ਕੰਢੇਦਾਰ ਤਾਰਾਂ ਵਿਚ ਦਿਨ-ਰਾਤ ਕਰੰਟ ਛੱਡਿਆ ਜਾਵੇਗਾ ਤੇ ਦੀਵਾਰਾਂ ਨੂੰ ਟੱਪਣ ਦੀ ਕੋਸ਼ਿਸ਼ ਕਰਨ ਨਾਲ ਹੀ ਕਰੰਟ ਲੱਗੇਗਾ।