CIA staff raids : ਜਿਲ੍ਹਾ ਜਲੰਧਰ ਵਿਖੇ ਕਲ ਸ਼ਾਮ CIA ਸਟਾਫ ਵਲੋਂ ਮਿਲੀ ਜਾਣਕਾਰੀ ਮੁਤਾਬਕ ਮੋਤਾ ਸਿੰਘ ਨਗਰ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਕੋਠੀ ਵਿਚ ਸਾਬਕਾ ਕੌਂਸਲਰ ਦੇ ਬੇਟੇ ਤੇ ਪਤੀ ਹਰਿੰਦਰ ਪਾਲ ਸਿੰਘ ਸਮੇਤ 6 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਮੋਤਾ ਸਿੰਘ ਨਗਰ ਵਿਖੇ 532 ਨੰਬਰ ਕੋਠੀ ਵਿਚ ਮਾਲਕ ਹਰਿੰਦਰ ਪਾਲ ਸਿੰਘ ਨਾਲ ਮਿਲ ਕੇ ਜੂਆ ਖੇਡ ਰਹੇ ਸਨ। ਪੁਲਿਸ ਵਲੋਂ ਮੌਕੇ ਤੋਂ 2.5 ਲੱਖ ਰੁਪਏ ਅਤੇ ਤਾਸ਼ ਬਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਹਰਿੰਦਰ ਪਾਲ ਸਿੰਘ ਸਾਬਕਾ ਕੌਂਸਲਰ ਦਾ ਪਤੀ ਹੈ ਤੇ ਉਸ ਵਲੋਂ ਉਕਤ ਵਿਅਕਤੀਆਂ ਨੂੰ ਜੂਆ ਖੇਡਣ ਲਈ ਆਪਣੇ ਘਰ ਬੁਲਾਇਆ ਗਿਆ ਸੀ। ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਇਕ ਰੈਸਟੋਰੈਂਟ ਦਾ ਮਾਲਕ ਹੈ ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਰੈਸਟੋਰੈਂਟ ਉਸ ਦੇ ਭਰਾ ਦਾ ਹੈ। ਹਰਿੰਦਰ ਪਾਲ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਉਸ ਕੋਲ ਹੋਟਲ ਦੇ ਸਾਰੇ ਪੇਪਰ ਹਨ। ਜੂਆ ਖੇਡਦੇ ਸਾਰੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਮੌਕੇ ‘ਤੇ ਹੀ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਕਿਉਂਕਿ ਕੋਰੋਨਾ ਕਾਰਨ ਉਨ੍ਹਾਂ ਨੂੰ ਜੇਲ ਨਹੀਂ ਲਿਜਾਇਆ ਗਿਆ ਪਰ ਉਨ੍ਹਾਂ ਖਿਲਾਫ ਜ਼ਮਾਨਤੀ ਧਾਰਾਵਾਂ ਲਗਾਈਆਂ ਗਈਆਂ ਹਨ।
ਸੀ. ਆਈ. ਏ. ਸਟਾਫ ਵਲੋਂ ਇਸ ਤੋਂ ਪਹਿਲਾਂ ਵੀ ਮੋਤਾ ਸਿੰਘ ਨਗਰ ਵਿਖੇ ਜੂਏ ਦੇ ਅੱਡੇ ‘ਤੇ ਛਾਪਾ ਮਾਰਿਆ ਗਿਆ ਸੀ ਜਿਸ ਵਿਚ ਇਕ ਜੁਆਰੀਏ ਨੂੰ ਕੋਰੋਨਾ ਹੋਇਆ ਸੀ ਤੇ ਉਸ ਨਾਲ ਥਾਣਾ ਇੰਚਾਰਜ ਸਮੇਤ ਕਈ ਮੁਲਾਜ਼ਮਾਂ ਵੀ ਇੰਫੈਕਟਿਡ ਪਾਏ ਗਏ ਸਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਵਲੋਂ ਇਹ ਅਹਿਤਿਆਤ ਵਰਤੀ ਗਈ ਹੈ ਤੇ ਉਨ੍ਹਾਂ ਖਿਲਾਫ ਧਾਰਾ 188 ਆਈ. ਪੀ. ਸੀ. ਤਹਿਤ ਤੇ ਐਪੀਡੈਮਿਕ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।