Bookie Noni was : ਜਲੰਧਰ ਦੀ BSF ਕਾਲੋਨੀ ਵਿਖੇ ਆਪਣੀ ਕੋਠੀ ਤੋਂ ਕ੍ਰਿਕਟ ਮੈਚ ‘ਤੇ ਸੱਟਾ ਲਗਾ ਰਹੇ ਵਿਅਕਤੀ ਦੀ ਪਛਾਣ ਬੁੱਕੀ ਨੋਨੀ ਵਜੋਂ ਹੋਈ ਹੈ। ਉਹ ਸਿਵਲ ਇੰਜੀਨੀਅਰ ਦਾ ਡਿਪੋਲਮਾ ਹੋਲਡਰ ਵੀ ਹੈ। ਪੁਲਿਸ ਵਲੋਂ ਉਸ ਕੋਲੋਂ ਸ਼ਨੀਵਾਰ ਨੂੰ 1.23 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਨਿਊਜ਼ੀਲੈਂਡ ਤੇ ਵੈਸਇੰਡੀਜ਼ ਦਰਮਿਆਨ ਚੱਲ ਰਹੇ ਮੈਚ ‘ਤੇ ਸੱਟਾ ਲਗਾਉਂਦੇ ਹੋਏ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਬੁੱਕੀ ਸੌਰਵ ਉਰਫ ਨੋਨੀ ਕਾਫੀ ਦੇਰ ਤੋਂ ਕ੍ਰਿਕਟ ਮੈਚਾਂ ‘ਤੇ ਸੱਟੇ ਲਗਾਉਣ ਦਾ ਕੰਮ ਕਰ ਰਿਹਾ ਸੀ ਤੇ ਉਸ ਕੋਲੋਂ 2 ਮੋਬਾਈਲ ਤੇ ਲੈਪਟਾਪ ਬਰਾਮਦ ਕੀਤਾ ਗਿਆ। ਇਨ੍ਹਾਂ ਮੋਬਾਈਲਾਂ ਤੇ ਲੈਪਟਾਪ ਦੀ ਮਦਦ ਨਾਲ ਹੁਣ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਇਆ ਜਾਵੇਗਾ ਜਿਹੜੇ ਇਸ ਕੰਮ ਵਿਚ ਉਸ ਦੇ ਭਾਗੀਦਾਰ ਸਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਤੇ ਉਨ੍ਹਾਂ ਦੀ ਟੀਮ ਵਲੋਂ ਸ਼ਨੀਵਾਰ ਨੂੰ ਛਾਪਾ ਮਾਰ ਕੇ ਨੋਨੀ ਨੂੰ ਬੀ. ਐੱਸ. ਐੱਫ. ਕਾਲੋਨੀ ਦੀ 180 ਨੰਬਰ ਕੋਠੀ ਤੋਂ ਗ੍ਰਿਫਤਾਰ ਕੀਤਾ ਗਿਆ। ਨੋਨੀ ਵਿਰੁੱਧ 13-3-67 ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।
ਨੋਨੀ ਕੋਲੋਂ ਬਰਾਮਦ ਹੋਏ ਮੋਬਾਈਲ ਤੇ ਲੈਪਟਾਪ ਕ੍ਰਾਈਮ ਸੈਲ ਨੂੰ ਦੇ ਦਿੱਤੇ ਗਏ ਹਨ। ਜਿਹੜੇ ਵਿਅਕਤੀ ਮੈਚਾਂ ਦੇ ਸੱਟੇ ਲਗਾਉਣ ‘ਚ ਦੋਸ਼ੀ ਪਾਏ ਗਏ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਬੁੱਕੀ ਨੋਨੀ ਤੋਂ ਮਿਲੇ ਕਰੋੜਾਂ ਰੁਪਏ ਦੀ ਜਾਣਕਾਰੀ ਇਨਕਮ ਟੈਕਸ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਜਾਂਚ ਕਰਵਾਈ ਜਾ ਰਹੀ ਹੈ ਕਿ ਨੋਨੀ ਕੋਲ ਜਿਹੜੇ ਪੈਸੇ ਮਿਲੇ ਹਨ ਉਹ ਉਸ ਨੂੰ ਸੱਟਾ ਜਿੱਤਣ ‘ਤੇ ਮਿਲੇ ਸਨ ਜਾਂ ਅਜੇ ਉਸ ਰਕਮ ਦਾ ਨੋਨੀ ਵਲੋਂ ਭੁਗਤਾਨ ਕੀਤਾ ਜਾਣਾ ਸੀ।