Four deaths due to Corona : ਅੰਮ੍ਰਿਤਸਰ ਤੇ ਜਲੰਧਰ ਜ਼ਿਲੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਲੰਧਰ ਜ਼ਿਲੇ ਵਿਚ ਕੋਰੋਨਾ ਨਾਲ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 62 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਅੰਮ੍ਰਿਤਸਰ ਜ਼ਿਲੇ ਵਿਚ ਵੀ ਤਿੰਨ ਲੋਕਾਂ ਨੇ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਦੇ 72 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੰਨੀ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1646 ਹੋ ਗਈ ਹੈ। ਉਥੇ ਹੀ ਕੋਰੋਨਾ ਨਾਲ ਲੜਦੇ ਹੋਏ 71 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਤੋਂ 1197 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਅਜੇ ਵੀ ਇਸ ਦੇ ਸਰਗਰਮ ਮਾਮਲੇ 378 ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਅਂਮ੍ਰਿਤਸਰ ’ਚ 31 ਕੈਦੀ ਅਤੇ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਇਸ ਤੋਂ ਇਲਾਵਾ ਬੀਐਸਐਫ ਦੇ ਸੱਤ ਜਵਾਨ ਵੀ ਇਨ੍ਹਾਂ ਮਰੀਜ਼ਾਂ ਵਿਚ ਸ਼ਾਮਲ ਹਨ। ਦੱਸ ਦੇਈਏ ਕਿ ਜ਼ਿਲੇ ਵਿਚ ਅਜੇ 28 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਹੈ।
ਉਥੇ ਹੀ ਜਲੰਧਰ ਜ਼ਿਲੇ ਵਿਚ ਵੀ ਕੋਰੋਨਾ ਨਾਲ ਇਹ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਦੇ 62 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ ਦਿਨ ਵੀ ਜ਼ਿਲੇ ਵਿਚ ਦੋ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਸੀ। ਹੁਣ ਜਲੰਧਰ ਵਿਚ ਕੋਰੋਨਾ ਦੇ ਕੁਲ ਮਾਮਲਿਆਂ ਦਾ ਅੰਕੜਾ 2107 ਹੋ ਗਿਆ ਹੈ, ਜਿਨ੍ਹਾਂ ਵਿਚੋਂ 1545 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ ਕੋਰੋਨਾ ਨਾਲ 43 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੌਜੂਦਾ ਸਮੇਂ ਜ਼ਿਲੇ ਵਿਚ 472 ਮਾਮਲੇ ਐਕਟਿਵ ਹਨ।