24 new positive : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਦਿਨ ਚੜ੍ਹਦੇ ਹੀ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਵਿਖੇ 23 ਕਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਐਨ ਕੇ ਅਗਰਵਾਲ ਨੇ ਕੀਤੀ । ਸਿਵਲ ਸਰਜਨ ਡਾਕਟਰ ਐਨ ਕੇ ਅਗਰਵਾਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਜਿਲ੍ਹੇ ਵਿਚ 68 ਪੈਂਡਿੰਗ ਸੈਂਪਲਾਂ ਵਿਚੋਂ 23 ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਡਾਕਟਰ ਐਨ ਕੇ ਅਗਰਵਾਲ ਨੇ ਦੱਸਿਆ ਕਿ ਪੈਂਡਿੰਗ ਰਿਪੋਰਟ ਵਿਚੋਂ 14 ਕੇਸ ਮੰਡੀ ਗੋਬਿੰਦਗੜ੍ਹ ਤੋਂ ਆਏ ਜਿਸ ਵਿਚ 7 ਪੁਲਿਸ ਮੁਲਾਜ਼ਮ ਅਤੇ 7 ਸੰਪਰਕ ਵਿੱਚ ਆਏ ਵਿਅਕਤੀ ਹਨ। ਇਸੇ ਤਰ੍ਹਾਂ ਨੰਦਪੁਰ ਤੋਂ 2 ਕੇਸ , ਸਰਹੰਦ ਤੋਂ 5 ਕੇਸ ਅਤੇ ਅਮਲੋਹ ਤੋਂ 2 ਕੇਸ ਹਨ ਜੋ ਐਨਆਰਆਈ ਹਨ। ਜਿਲ੍ਹੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 328 ਹੋ ਗਈ ਹੈ। 216 ਮਰੀਜ਼ ਠੀਕ ਹੋ ਚੁਕੇ ਹਨ ਅਤੇ 110 ਐਕਟਿਵ ਕੇਸ ਹਨ।
ਜਿਲ੍ਹੇ ਵਿਚ ਹੁਣ ਤਕ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਵਿਅਕਤੀਆਂ ਦੇ ਸੰਪਰਕ ‘ਚ ਸਨ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਦੇ ਪਾਜੀਟਿਵ ਕੇਸ ਆਉਣ ਨਾਲ ਪ੍ਰਸ਼ਾਸਨ ਵੀ ਜਾਗਰੂਕ ਹੋ ਗਿਆ ਹੈ ਤੇ ਉਸ ਵਲੋਂ ਆਮ ਲੋਕਾਂ ਨੂੰ ਇਸ ਵਾਇਰਸ ਨਾਲ ਲੜਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਵੀ ਉਹ ਘਰਾਂ ਤੋਂ ਬਾਹਰ ਨਿਕਲਣ ਤਾਂ ਮਾਸਕ ਪਹਿਨ ਕੇ ਹੀ ਆਉਣ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਵੀ ਪਾਲਣਾ ਕੀਤੀ ਜਾਵੇ ਤਾਂ ਹੀ ਅਸੀਂ ਇਸ ਖਤਰਨਾਕ ਵਾਇਰਸ ਤੋਂ ਆਪਣੀ ਤੇ ਹੋਰਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਰੋਜ਼ਾਨਾ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਹਿਤਿਆਤ ਵਰਤ ਕੇ ਹੀ ਅਸੀਂ ਕੋਰੋਨਾ ਤੋਂ ਆਪਣਾ ਬਚਾਅ ਕਰ ਸਕਦੇ ਹਾਂ।