congress attack modi government says: ਨਵੀਂ ਦਿੱਲੀ: ਕਾਂਗਰਸ ਨੇ ਬੁੱਧਵਾਰ ਨੂੰ ਰਾਫੇਲ ਲੜਾਕੂ ਜਹਾਜ਼ਾਂ ਦੇ ਪਹਿਲੇ ਜੱਥੇ ਦਾ ਭਾਰਤ ਆਉਣ ‘ਤੇ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਹਰ ਦੇਸ਼ ਭਗਤ ਨੂੰ ਪੁੱਛਣਾ ਚਾਹੀਦਾ ਹੈ ਕਿ 526 ਕਰੋੜ ਰੁਪਏ ਦਾ ਜਹਾਜ਼ 1670 ਕਰੋੜ ਰੁਪਏ ਵਿੱਚ ਕਿਉਂ ਖਰੀਦਿਆ ਗਿਆ ਹੈ? ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਭਾਰਤ ਵਿੱਚ ਰਾਫੇਲ ਦਾ ਸਵਾਗਤ ਹੈ! ਹਵਾਈ ਸੈਨਾ ਦੇ ਲੜਾਕਿਆਂ ਨੂੰ ਵਧਾਈ।” ਉਨ੍ਹਾਂ ਕਿਹਾ, “ਅੱਜ ਹਰ ਦੇਸ਼ ਭਗਤ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ 526 ਕਰੋੜ ਰੁਪਏ ਦਾ ਰਾਫੇਲ ਹੁਣ 1670 ਕਰੋੜ ਰੁਪਏ ਵਿੱਚ ਕਿਉਂ ਖਰੀਦਿਆ ਗਿਆ ਹੈ? 126 ਰਾਫੇਲ ਦੀ ਬਜਾਏ ਸਿਰਫ 36 ਰਾਫੇਲ ਕਿਉਂ? ਮੇਕ ਇਨ ਇੰਡੀਆ ਦੀ ਬਜਾਏ ਮੇਕ ਇਨ ਫਰਾਂਸ ਕਿਉਂ? 5 ਸਾਲ ਦੀ ਦੇਰੀ ਕਿਉਂ?”
ਭਾਰਤੀ ਹਵਾਈ ਸੈਨਾ ਲਈ ਇਤਿਹਾਸਕ ਪਲਾਂ ਦੇ ਵਿਚਕਾਰ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਜਥਾ ਬੁੱਧਵਾਰ ਨੂੰ ਭਾਰਤ ਪਹੁੰਚਿਆ। ਫਰਾਂਸ ਤੋਂ ਖਰੀਦੇ ਗਏ ਇਹ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ‘ਤੇ ਉਤਰੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦਾ ਭਾਰਤ ਆਉਣਾ ਸਾਡੇ ਸੈਨਿਕ ਇਤਿਹਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਹਵਾਈ ਜਹਾਜ਼ਾਂ ਦੇ ਲੈਂਡ ਹੁੰਦੇ ਹੀ ਉਨ੍ਹਾਂ ਨੂੰ ਪਾਣੀ ਦੀ ਸਲਾਮੀ ਦਿੱਤੀ ਗਈ। ਇਹ ਹਵਾਈ ਸੈਨਾ ਦੀ ਇੱਕ ਪੁਰਾਣੀ ਪਰੰਪਰਾ ਹੈ, ਜਿਸਦਾ ਪਾਲਣ ਹਰ ਵਾਰ ਲੜਾਕੂ ਜਹਾਜ਼ਾਂ ਦੇ ਆਉਣ ਤੇ ਕੀਤਾ ਜਾਂਦਾ ਹੈ।