Rated private ambulances : ਜਲੰਧਰ : ਜਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਦੌਰਾਨ ਪ੍ਰਾਈਵੇਟ ਐਂਬੂਲੈਂਸ ਦਾ ਕਿਰਾਇਆ ਨਿਰਧਾਰਤ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਮਨਚਾਹੇ ਰੇਟ ਨਾ ਵਸੂਲ ਸਕਣ। ਇਹ ਕਦਮ ਪ੍ਰਸ਼ਾਸਨ ਵਲੋਂ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਈ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਲੋਕਾਂ ਕੋਲੋਂ ਵਧ ਕਿਰਾਇਆ ਵਸੂਲ ਰਹੇ ਹਨ ਤੇ ਆਏ ਦਿਨ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਕੋਲ ਵਧ ਕਿਰਾਇਆ ਵਸੂਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।
ਡੀ. ਸੀ. ਵਲੋਂ ਐਂਬੂਲੈਂਸ ਦਾ ਕਿਰਾਇਆ ਨਿਰਧਾਰਤ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਬਰਜਿੰਦਰ ਸਿੰਘ, ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਤੇ ਡਿਪਟੀ ਮੈਡੀਕਲ ਅਧਿਕਾਰੀ ਡਾ. ਜੋਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 3 ਕੈਟਾਗਰੀਆਂ ਨਾਲ ਸਬੰਧਤ ਐਂਬੂਲੈਂਸਾਂ ਦੇ ਰੋਜ਼ਾਨਾ ਦੇ ਰੇਟ ਤੈਅ ਕੀਤੇ ਹਨ। ਬੀ. ਐੱਲ. ਐੱਸ. ਐਂਬੂਲੈਂਸ (ਬੇਸਿਕ ਲਾਈ਼ ਸਪੋਰਟ 2000 ਸੀ. ਸੀ. ਤਕ) ਲਈ 10 ਰੁਪਏ ਪ੍ਰਤੀ ਕਿਲੋਮੀਟਰ, ਬੀ. ਐੱਲ. ਐੱਸ. ਐਂਬੂਲੈਂਸ (2000 ਸੀ. ਸੀ. ਅਤੇ ਵਧ) ਲਈ 12 ਰੁਪਏ ਪ੍ਰਤੀ ਕਿਲੋਮੀਟਰ ਤੇ ਏ. ਸੀ. ਐੱਲ. ਐੱਸ. ਐਂਬੂਲੈਂਸ ਐਡਵਾਂਸਡ ਕਾਰਡਿਕ ਲਾਈਜ਼ ਸਪੋਰਟ ਲਈ 15 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਇਸ ਤੋਂ ਵਧ ਕਿਰਾਇਆ ਨਾ ਵਸੂਲ ਸਕੇ ਤੇ ਜੇਕਰ ਕੋਈ ਵਧ ਕਿਰਾਇਆ ਵਸੂਲਦਾ ਹੈ ਤਾਂ ਉਸ ਦੀ ਸ਼ਿਕਾਇਤ 0181-2224417 ‘ਤੇ ਕਰਕੇ ਸੂਚਿਤ ਕੀਤਾ ਜਾ ਸਕਦਾ ਹੈ।
ਡੀ. ਸੀ. ਨੇ ਕਿਹਾ ਕਿ ਭਾਵੇਂ ਜਿਲ੍ਹੇ ਵਿਚ ਕੋਰੋਨਾ ਦੇ ਕੇਸ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਅਹਿਤਿਆਤ ਵਰਤਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਵਲੋਂ ਦੱਸੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਘਣਸ਼ਿਆਮ ਥੋਰੀ ਨੇ ਕਿਹਾ ਕਿ ਐਂਬੂਲੈਂਸ ਦਾ ਕਿਰਾਇਆ ਸ਼ਹਿਰ ਵਿਚ 1000 ਰੁਪਏ (15 ਕਿਲੋਮੀਟਰ ਤਕ) ਹੋਵੇਗਾ ਅਤੇ ਇਸ ਤੋਂ ਵਧ ਪ੍ਰਤੀ ਕਿਲੋਮੀਟਰ ਉਪਰ ਦੱਸੇ ਗਏ ਰੇਟਾਂ ਅਨੁਸਾਰ ਹੀ ਹੋਣਗੇ। ਉਨ੍ਹਾਂ ਕਿਹਾ ਕਿ ਚਾਲਕ, ਯੂਨੀਅਨ ਕੰਪਨੀ ਕੋਵਿਡ-19 ਮਰੀਜ਼ ਨੂੰ ਪੀ. ਪੀ. ਈ. ਕਿੱਟਾਂ ਵੀ ਉਪਲਬਧ ਕਰਵਾਉਣਗੇ ਤੇ ਨਿਰਧਾਰਤ ਸਥਾਨ ‘ਤੇ ਛੱਡਣ ਲਈ ਜ਼ਿੰਮੇਵਾਰ ਹੋਣਗੇ। ਡੀਜ਼ਲ ਤੇ ਪੈਟਰੋਲ ਦਾ ਖਰਚਾ ਵੀ ਤੈਅ ਰੇਟ ਅਨੁਸਾਰ ਹੀ ਲਿਆ ਜਾਵੇਗਾ।