Development works of Mohali : ਮੋਹਾਲੀ ਦੀਆਂ ਸਾਰੀਆਂ ਰੈਜ਼ੀਡੈਂਸ਼ਲ ਸੁਸਾਇਟੀਆਂ ਦਾ ਵਿਕਾਸ ਕਾਰਜ ਹੁਣ ਜਲਦ ਹੀ ਸ਼ੁਰੂ ਹੋ ਸਕਣਗੇ ਕਿਉਂਕਿ ਸਰਕਾਰ ਨੇ ਇਸ ਕਾਰਜ ਲਈ ਫੰਡ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਅਤੇ ਮੁਹਾਲੀ ਹਲਕੇ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਹਾਲੀ ਦੀਆਂ ਸਾਰੀਆਂ ਰੈਜ਼ੀਡੈਂਸ਼ੀਅਲ ਸੁਸਾਇਟੀਆਂ ਵਿਚਲੇ ਵਿਕਾਸ ਕਾਰਜ ਆਪਣੇ ਪੱਧਰ ਉਤੇ ਕਰਵਾਉਣ ਦੀ ਮਨਜ਼ੂਰੀ ਦਿੰਦਿਆਂ ਸਰਕਾਰ ਨੇ 2,10,60,000 ਦਾ ਫੰਡ ਮਨਜ਼ੂਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਹਿਲੀ ਵਾਰ ਸਰਕਾਰ ਰੈਜ਼ੀਡੈਂਸ਼ਲ ਸੁਸਾਇਟੀਆਂ ਦਾ ਅੰਦਰੂਨੀ ਵਿਕਾਸ ਕਾਰਜ ਆਪਣੇ ਪੱਧਰ ਉਤੇ ਕਰਵਾਉਣ ਜਾ ਰਹੀ ਹੈ।
ਇਸ ਨਾਲ ਨਾਲ ਜਲਦ ਹੀ ਦਰਸ਼ਨ ਵਿਹਾਰ ਸੁਸਾਇਟੀ, ਯੂਨਾਈਟਿਡ ਕੋਆਪ੍ਰੇਟਿਵ ਸੁਸਾਇਟੀ, ਪੰਚਮ ਸੁਸਾਇਟੀ, ਐਸ.ਬੀ.ਆਈ. ਕਲੋਨੀ, ਹਾਊਸਫੈੱਡ, ਗੁਰੂ ਤੇਗ ਬਹਾਦਰ ਕੰਪਲੈਕਸ, ਐਸ.ਸੀ.ਐਲ. ਸੁਸਾਇਟੀ, ਜੋਗਿੰਦਰ ਵਿਹਾਰ, ਜਲਵਾਯੂ ਵਿਹਾਰ ਸੁਸਾਇਟੀ, ਕਮਾਂਡੋ ਕੰਪਲੈਕਸ, ਪੁਲੀਸ ਕਲੋਨੀਆਂ, ਆਰਮੀ ਫਲੈਟਸ, ਆਇਵਰੀ ਟਾਵਰ ਅਤੇ ਮੇਅਫੇਅਰ ਵਿੱਚ ਵੱਖ ਵੱਖ ਤਰਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਜਿਸ ਨਾਲ ਇਨਾਂ ਸੁਸਾਇਟੀਆਂ ਵਿੱਚ ਅੰਦਰੂਨੀ ਸੜਕਾਂ, ਪਾਰਕਾਂ, ਐਲ.ਈ.ਡੀ. ਸਟਰੀਟ ਲਾਈਟਾਂ, ਪੇਵਰ ਬਲਾਕ ਲਾਉਣ ਵਗੈਰਾ ਦੇ ਕੰਮ ਕਰਵਾਏ ਜਾਣਗੇ, ਜਿਸ ਨਾਲ ਹੁਣ ਸਾਰੇ ਇਲਾਕਿਆਂ ਦਾ ਵਿਕਾਸ ਨਗਰ ਨਿਗਮ ਅਧੀਨ ਇਕ ਬਰਾਬਰ ਹੋ ਸਕੇਗਾ ਅਤੇ ਕੋਈ ਵੀ ਇਲਾਕਾ ਵਿਕਾਸ ਕੰਮਾਂ ਤੋਂ ਵਾਂਝਾ ਨਹੀਂ ਰਹੇਗਾ।
ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਫੰਡ ਮਨਜ਼ੂਰ ਕਰਦਿਆਂ ਨਗਰ ਨਿਗਮ ਮੁਹਾਲੀ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸਿਹਤ ਮੰਤਰੀ ਵੱਲੋਂ ਲੰਮੇ ਸਮੇਂ ਤੋਂ ਸ਼ਹਿਰ ਦਾ ਵਿਕਾਸ ਕਰਵਾ ਕੇ ਇਸ ਨੂੰ ਵਿਕਸਿਤ ਕਰਨ ਦਾ ਮੁੱਦਾ ਲੰਮੇ ਸਮੇਂ ਤੋਂ ਸਰਕਾਰ ਪੱਧਰ ’ਤੇ ਚੁੱਕਿਆ ਜਾ ਰਿਹਾ ਸੀ। ਉਨ੍ਹਾਂ ਨੇ ਫੰਡ ਜਾਰੀ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ।