PM Modi will offer prayers: ਅਯੁੱਧਿਆ ਦੇ ਰਾਮ ਮੰਦਰ ਦੇ ‘ਭੂਮੀ ਪੂਜਨ’ ਪ੍ਰੋਗਰਾਮ ਲਈ ਹੁਣ ਸਿਰਫ਼ ਤਿੰਨ ਦਿਨ ਬਾਕੀ ਹਨ। ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਭੂਮੀ ਪੂਜਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਣਗੇ। ਪਰ ਇਸ ਤੋਂ ਪਹਿਲਾਂ ਉਹ ਹਨੂਮਾਨਗੜ੍ਹੀ ਵਿੱਚ ਤਿੰਨ ਮਿੰਟ ਲਈ ਪੂਜਾ ਕਰਨਗੇ। ਜਾਣਕਾਰੀ ਅਨੁਸਾਰ ਪੀਐਮ ਮੋਦੀ 5 ਅਗਸਤ ਨੂੰ 11-11:15 ਵਜੇ ਅਯੁੱਧਿਆ ਪਹੁੰਚਣਗੇ। ਉਹ ਇੱਥੇ ਤਕਰੀਬਨ ਤਿੰਨ ਘੰਟੇ ਰੁਕਣਗੇ । ਜਿਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਉਹ ਅਯੁੱਧਿਆ ਤੋਂ ਰਵਾਨਾ ਹੋਣਗੇ ।
ਇਸ ਸਬੰਧੀ ਹਨੂੰਮਾਨਗੜ੍ਹੀ ਦੇ ਮੁੱਖ ਪੁਜਾਰੀ ਮਹੰਤ ਰਾਜੂ ਦਾਸ ਨੇ ਦੱਸਿਆ ਕਿ 5 ਅਗਸਤ ਨੂੰ ਪ੍ਰਧਾਨ ਮੰਤਰੀ ਭੂਮੀ ਪੂਜਨ ਲਈ ਆ ਰਹੇ ਹਨ, ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਉਹ ਪਹਿਲਾਂ ਹਨੂੰਮਾਨਗੜ੍ਹੀ ਵਿੱਚ ਦਰਸ਼ਨ ਕਰਨਗੇ । ਇਥੇ ਵਿਸ਼ੇਸ਼ ਪੂਜਾ ਦਾ ਪ੍ਰਬੰਧ ਕੀਤਾ ਜਾਵੇਗਾ । ਸਾਨੂੰ 7 ਮਿੰਟ ਦਿੱਤੇ ਗਏ ਹਨ, ਇਸ ਵਿੱਚ ਪ੍ਰਧਾਨ ਮੰਤਰੀ ਆਉਣਾ-ਜਾਣਾ ਸ਼ਾਮਿਲ ਹੈ, ਲਗਭਗ 3 ਮਿੰਟ ਪੂਜਾ ਲਈ ਲੱਗਣਗੇ. ਪੀਐਮ ਮੋਦੀ ਹਨੂੰਮਾਨਗੜ੍ਹੀ ਵਿੱਚ ਪੂਜਾ ਅਰਚਨਾ ਕਰਨ ਤੋਂ ਬਾਅਦ, ਮਾਨਸ ਭਵਨ ਵਿੱਚ ਪਹਿਲਾਂ ਤੋਂ ਬਣੇ ਮੰਦਰ ਦਾ ਦੌਰਾ ਕਰਨਗੇ, ਜਿੱਥੇ ਭਗਵਾਨ ਰਾਮ ਦੀ ਮੂਰਤੀ ਰੱਖੀ ਗਈ ਹੈ । ਇਸ ਤੋਂ ਬਾਅਦ ਉਹ ਭੂਮੀ ਪੂਜਨ ਲਈ ਰਾਮ ਜਨਮ ਭੂਮੀ ਜਾਣਗੇ । ਸਮਾਗਮ ਦੇ ਸਥਾਨ ‘ਤੇ ਇੱਕ ਛੋਟਾ ਜਿਹਾ ਪਲੇਟਫਾਰਮ ਬਣਾਇਆ ਜਾ ਰਿਹਾ ਹੈ, ਜਿੱਥੋਂ ਪ੍ਰਧਾਨ ਮੰਤਰੀ ਸੰਤਾਂ ਨੂੰ ਸੰਬੋਧਨ ਕਰਨਗੇ । ਇਸ ਦੌਰਾਨ ਸਿਰਫ 5 ਲੋਕ ਸਟੇਜ ‘ਤੇ ਰਹਿਣਗੇ। ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਸੀ.ਐੱਮ ਯੋਗੀ ਆਦਿੱਤਿਆਨਾਥ, ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ, ਆਰਐਸਐਸ ਮੁਖੀ ਮੋਹਨ ਭਾਗਵਤ ਅਤੇ ਮੰਦਿਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਸਟੇਜ ‘ਤੇ ਮੌਜੂਦ ਰਹਿਣਗੇ।
ਦੱਸਿਆ ਜਾ ਰਿਹਾ ਹੈ ਕਿ ਅਯੁੱਧਿਆ ਵਿੱਚ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਲਈ ਮਹਿਮਾਨਾਂ ਦੀ ਸੂਚੀ ਵਿੱਚ ਵੀ ਫੇਰਬਦਲ ਕੀਤਾ ਗਿਆ ਹੈ। ਇਸ ਮੌਕੇ ਸਿਰਫ 170 ਲੋਕਾਂ ਨੂੰ ਹੀ ਬੁਲਾਇਆ ਜਾ ਰਿਹਾ ਹੈ। ਮਹਿਮਾਨਾਂ ਦੀ ਸੂਚੀ ਵਿੱਚੋਂ ਕਈ ਭਾਜਪਾ ਨੇਤਾਵਾਂ ਅਤੇ ਸੰਤਾਂ ਦੇ ਨਾਮ ਹਟਾ ਦਿੱਤੇ ਗਏ ਹਨ । ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਹੁਣ ਮਹਿਮਾਨਾਂ ਦੀ ਸੂਚੀ ਵਿੱਚ ਨਹੀਂ ਹਨ । ਸੂਤਰਾਂ ਅਨੁਸਾਰ ਦੋਵਾਂ ਨੇਤਾਵਾਂ ਨੇ ਆਉਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਹੈ। ਜਦਕਿ ਰਾਮ ਮੰਦਰ ਅੰਦੋਲਨ ਨਾਲ ਜੁੜੇ ਨੇਤਾਵਾਂ ਉਮਾ ਭਾਰਤੀ ਅਤੇ ਕਲਿਆਣ ਸਿੰਘ ਦੇ ਨਾਂ ਮਹਿਮਾਨਾਂ ਦੀ ਸੂਚੀ ਵਿੱਚ ਹਨ।